ਪੱਤਰ ਪ੍ਰੇਰਕ
ਜੈਤੋ, 19 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਵਿਖੇ ਕੀਤੀ ਜਾ ਰਹੀ ਕਾਨਫਰੰਸ ਦੀ ਤਿਆਰੀ ਵਜੋਂ ਪਿੰਡ ਦਲ ਸਿੰਘ ਵਾਲਾ ਵਿੱਚ ਜਨਤਕ ਮੀਟਿੰਗ ਕੀਤੀ ਗਈ। ਯੂਨੀਅਨ ਦੇ ਆਗੂ ਛਿੰਦਾ ਸਿੰਘ ਦਲ ਸਿੰਘ ਵਾਲਾ, ਹਰਪ੍ਰੀਤ ਸਿੰਘ ਦਲ ਸਿੰਘ ਵਾਲਾ, ਜੱਸੀ ਜੈਤੋ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਕਰਮਜੀਤ ਸਿੰਘ ਸੇਵੇਵਾਲਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੇ ਆਗੂ ਰਵਿੰਦਰ ਸੇਵੇਵਾਲਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਿਆਸੀ ਪਾਰਟੀਆਂ ਸ਼ਹੀਦ ਭਗਤ ਸਿੰਘ ਦੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਨੂੰ ਸੱਤਾ ਪ੍ਰਾਪਤੀ ਲਈ ਵਰਤਦੀਆਂ ਆਈਆਂ ਹਨ।
ਉਨ੍ਹਾਂ ਕਿਹਾ ਕਿ ਜਿਸ ਮੋੜ ’ਤੇ ਅੱਜ ਪੰਜਾਬ ਖੜ੍ਹਾ ਹੈ। ਅਜਿਹੇ ਸਮੇਂ ਹਾਕਮਾਂ ਨੂੰ ਫਿਰਕੂ ਲੀਡਰਾਂ ਦੀ ਖਾਸ ਜ਼ਰੂਰਤ ਹੈ, ਜੋ ਅਜਿਹੇ ਲੀਡਰ ਹੀ ਲੋਕਾਂ ਦੀਆਂ ਸ਼ਹੀਦਾਂ ਪ੍ਰਤੀ ਭਾਵਨਾਵਾਂ ਨੂੰ ਧਾਰਮਿਕ ਫ਼ਿਰਕੂ ਰੰਗਤ ’ਚ ਬਦਲ ਸਕਦੇ ਹਨ। ਇਕੱਠ ਨੂੰ ਬਲਾਕ ਜੈਤੋ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਬਲਾਕ ਆਗੂ ਚਰਨਜੀਤ ਸਿੰਘ ਰਣ ਸਿੰਘ ਵਾਲਾ ਨੇ ਵੀ ਸੰਬੋਧਨ ਕੀਤਾ।