ਫ਼ਤਹਿਗੜ੍ਹ ਪਜਤੂਰ (ਪੱਤਰ ਪ੍ਰੇਰਕ): ਹਲਕਾ ਧਰਮਕੋਟ ਤੋਂ ਸੰਯੁਕਤ ਸਮਾਜ ਮੋਰਚੇ ਦੇ ਸਟਾਰ ਪ੍ਰਚਾਰਕ ਵਜੋਂ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਕਰ ਰਹੇ ਬੀਬੀ ਨਵਜੋਤ ਕੌਰ ਲੰਬੀ ਨੇ ਮੋਰਚੇ ਦੇ ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਦੇ ਹੱਕ ਵਿਚ ਵੱਖ-ਵੱਖ ਥਾਈਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਬੀਬੀ ਨਵਜੋਤ ਕੌਰ ਲੰਬੀ ਨੇ ਕਿਹਾ, ‘‘70 ਸਾਲਾਂ ਤੋਂ ਅਸੀਂ ਲੀਡਰਾਂ ਮੁਤਾਬਕ ਚੱਲ ਰਹੇ ਹਾਂ, ਪਰ ਹੁਣ ਰਵਾਇਤੀ ਪਾਰਟੀਆਂ ਦੀ ਗੁਲਾਮੀ ਗਲ਼ ਤੋਂ ਲਾਹੁਣ ਦਾ ਵੇਲਾ ਆ ਗਿਆ ਹੈ।’’ ਉਨ੍ਹਾਂ ਕਿਹਾ ਕਿ ਰੁਜ਼ਗਾਰ ਖ਼ਤਮ ਹੋਣ ਕਾਰਨ ਸਾਡੇ ਬੱਚੇ ਵਿਦੇਸ਼ ਭੱਜ ਰਹੇ ਹਨ। ਜਿਨ੍ਹਾਂ ਲੋਕਾਂ ਨੇ ਕਿਸਾਨੀ ਬਿੱਲਾਂ ਦੀ ਹਮਾਇਤ ਕੀਤੀ ਤੇ ਜਿਨ੍ਹਾਂ ਲੋਕਾਂ ਨੇ ਕਸ਼ਮੀਰ ਦੇ ਟੋਟੇ ਕਰਵਾਏ, ਅੱਜ ਉਹੀ ਲੋਕ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਪੰਜਾਬ ’ਤੇ ਕਬਜ਼ਾ ਜਮਾਉਣਾ ਚਾਹੁੰਦੇ ਹਨ। ਇਸ ਮੌਕੇ ਵਾਤਾਵਰਨ ਚੇਤਨਾ ਲਹਿਰ ਵੱਲੋਂ ਤਿਆਰ ਵਾਤਾਵਰਨ ਸਬੰਧੀ ਮੰਗ ਪੱਤਰ ਵਾਤਾਵਰਣ ਪ੍ਰੇਮੀ ਦਿਲਬਾਗ ਸਿੰਘ ਮੇਲਕ ਵੱਲੋਂ ਨਵਜੋਤ ਕੌਰ ਲੰਬੀ ਅਤੇ ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਨੂੰ ਸੌਂਪਿਆ ਗਿਆ।