ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 13 ਅਪਰੈਲ
ਵਿਸਾਖੀ ਮੇਲੇ ਮੌਕੇ ਇਥੇ ਕਰਵਾਈ ਗਈ ਸਿਆਸੀ ਕਾਨਫਰੰਸ ਵਿੱਚ ਕਿਸਾਨ ਬੀਬੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ ਤੇ ਉਨ੍ਹਾਂ ਦੇ ਹੱਥਾਂ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਫੜੇ ਹੋਏ ਸਨ। ਇਸ ਮੌਕੇ ਸਟੇਜ ਉਪਰ ਸਿਰਫ ਦੋ ਸੰਚਾਲਕ ਤੇ ਬੋਲਣ ਵਾਲੇ ਦੋ ਬੁਲਾਰਿਆਂ ਨੂੰ ਹੀ ਚੜ੍ਹਨ ਦੀ ਆਗਿਆ ਸੀ। ਬਾਕੀ ਸਾਰੇ ਆਗੂ ਤੇ ਬੁਲਾਰੇ ਸਟੇਜ ਤੋਂ ਹੇਠਾਂ ਬੈਠੇ ਸਨ।
ਕਾਨਫਰੰਸ ਨੂੰ ਸਬੋਧਨ ਕਰਦਿਆਂ ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਬਲਬੀਰ ਸਿੰਘ ਸਿੰਘ ਰਾਜੇਵਾਲ ਤੇ ਰੁਲਦੂ ਸਿੰਘ ਮਾਨਸਾ, ਹਰਿਆਣਾ ਦੀ ਮਹਿਲਾ ਆਗੂ ਸ਼ਾਰਦਾ ਦੀਕਸ਼ਤ ਸਮੇਤ ਕਿਸਾਨੀ ਸੰਘਰਸ਼ ਦੀਆਂ ਹਮਾਇਤੀ ਮੁਲਾਜ਼ਮ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ, ਯੂਨੀਅਨਾਂ ਦੇ ਆਗੂਆਂ ਨੇ ਲੋਕਾਂ ਨੂੰ ਆਪਣੇ ਪੁਰਖਿਆਂ ਵੱਲੋਂ ਖੂਨ ਪਸੀਨੇ ਵਹਾਅ ਕੇ ਬਣਾਈਆਂ ਜ਼ਮੀਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣ ਅਤੇ ਕਾਰਪੋਰੇਟ ਘਰਾਣਿਆਂ ਅਤੇ ਸਿਆਸੀ ਲੋਕਾਂ ਦੀਆਂ ਚਾਲਾਂ ਤੋਂ ਬਚਾਉਣ ਲਈ ਡਟਣ ਦਾ ਸੱਦਾ ਦਿੱਤਾ।