ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 12 ਜੂਨ
ਲੋਕ ਸਭਾ ਹਲਕਾ ਸੰਗਰੂਰ ਦੀ ਹੋ ਰਹੀ ਜ਼ਿਮਨੀ ਚੋਣ ਸਬੰਧੀ ਆਮ ਆਦਮੀ ਪਾਰਟੀ ਵੱਲੋਂ ਮੇਨ ਬਾਜ਼ਾਰ ਸ਼ਹਿਣਾ ਵਿੱਚ ਪਾਰਟੀ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਹੱਕ ’ਚ ਰੈਲੀ ਕੀਤੀ ਗਈ ਪਰ ਰੈਲੀ ਲਈ ਬਹੁਤਾ ਇਕੱਠਾ ਨਾ ਹੋਇਆ। ਰੈਲੀ ’ਚ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਤੋਂ ਇਲਾਵਾ ਪੰਜ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਫਰੀਦਕੋਟ, ਜਗਜੀਤ ਸਿੰਘ ਭੁੱਚੋਂ, ਲਾਭ ਸਿੰਘ ਉਗੋਕੇ (ਭਦੌੜ), ਮਨਜੀਤ ਸਿੰਘ ਬਿਲਾਸਪੁਰ ਅਤੇ ਸੁਖਬੀਰ ਸਿੰਘ ਐਮ.ਐਲ.ਏ. ਮਾਈਸਰਖਾਨਾ ਸ਼ਾਮਲ ਹੋਏ। ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਇਸ ਹਲਕੇ ਤੋਂ 2 ਵਾਰੀ ਐਮ.ਪੀ. ਰਹਿ ਚੁੱਕੇ ਹਨ ਅਤੇ ਪਿੰਡਾਂ ’ਚ ਐਮ.ਪੀ. ਹੁੰਦਿਆਂ ਭਰਵੀਂਆਂ ਗਰਾਂਟਾਂ ਦਿੱਤੀਆਂ ਹਨ। ਪੰਜਾਬ ’ਚ ਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਸਰਕਾਰ ਨੇ ਲੋਕ ਹਿਤੈਸ਼ੀ ਫ਼ੈਸਲੇ ਲਏ ਹਨ ਤੇ ਰਿਸ਼ਵਤਖੋਰੀ ਨੂੰ ਨੱਥ ਪਾਈ ਹੈ। ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਹਲਕੇ ਦੇ ਲੋਕਾਂ ਤੋਂ ਵੋਟ ਅਤੇ ਸਹਿਯੋਗ ਦੀ ਮੰਗ ਕੀਤੀ। ਸਥਾਨਕ ਆਗੂਆਂ ਨੇ ਗੁਰਮੇਲ ਸਿੰਘ ਨੂੰ ਸਿਰੋਪਾਓ ਵੀ ਭੇਟ ਕੀਤਾ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਜਗਦੀਪ ਸਿੰਘ ਜੱਗੀ, ਕੁਲਦੀਪ ਸਿੰਘ ਸ਼ਹਿਣਾ, ਅਮਨਦੀਪ ਸਿੰਘ, ਸੁਖਦੇਵ ਸਿੰਘ ਝੋਰਡ, ਪਿਆਰਾ ਸਿੰਘ ਵੈਦ ਤੇ ਯਾਦਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।
ਰੈਲੀ ’ਚ ਪੁੱਜੇ 10 ਤੋਂ ਘੱਟ ਵਿਅਕਤੀ
‘ਆਪ’ ਦੀ ਰੈਲੀ ਇਕੱਠ ਵਜੋਂ ਫਿੱਕੀ ਰਹੀ। ਪੰਜ ਐੱਮਐੱਲਏ ਅਤੇ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਦੇ ਸਟੇਜ ’ਤੇ ਪੁੱਜਣ ਦੇ ਬਾਵਜੂਦ ਆਮ ਲੋਕਾਂ ਦੀ ਗਿਣਤੀ 10 ਤੋਂ ਵੀ ਘੱਟ ਸੀ। ਸਿਰਫ਼ ਪਾਰਟੀ ਵਰਕਰ ਦੀ ਗਿਣਤੀ ਦੇ ਸਨ। ਚਰਚਾ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਐੱਮਐੱਲਏ ਵੱਲੋਂ ਵਿਧਾਨ ਸਭਾ ਚੋਣ ਜਿੱਤਣ ਉਪਰੰਤ ਧੰਨਵਾਦ ਦੌਰੇ ਦੌਰਾਨ 13000 ਵੋਟ ਵਾਲੇ ਕਸਬੇ ਸ਼ਹਿਣਾ ਨੂੰ ਛੱਡਣਾ, ਲੋਕਾਂ ਵਿੱਚ ਨਾ ਵਿਚਰਾਨਾ ਅਤੇ ਟੈਲੀਫੋਨ ਨਾ ਚੁੱਕਣਾ ਆਦਿ ਕਾਰਨਾਂ ਕਰਕੇ ਲੋਕ ਔਖੇ ਹਨ। ਸਾਰਾ ਸਮਾਗਮ 10-15 ਮਿੰਟ ਵਿੱਚ ਹੀ ਸਮਾਪਤ ਹੋ ਗਿਆ। ਇਸ ਮੌਕੇ ਪੁਲੀਸ ਵੱਡੀ ਗਿਣਤੀ ’ਚ ਪੁੱਜੀ ਹੋਈ ਸੀ।