ਪੱਤਰ ਪ੍ਰੇਰਕ
ਗਿੱਦੜਬਾਹਾ, 3 ਅਪਰੈਲ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪੈਂਦੇ ਪਿੰਡ ਬੁੱਟਰ ਸਰੀਂਹ ਦੀ ਜੰਮਪਲ ਅਤੇ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦੀ ਗਿਆਰ੍ਹਵੀਂ ਕਲਾਸ ਦੀ ਵਿਦਿਆਰਥਣ ਗੁਰਵੀਰ ਕੌਰ ਦੀ ਚੋਣ ਏਸ਼ਿਆਈ ਖੇਡਾਂ ਲਈ ਇੰਡੀਆ ਦੀ ਖੋ-ਖੋ ਟੀਮ ਵਿੱਚ ਹੋ ਗਈ ਹੈ। ਕੋਚ ਤਰਸੇਮ ਕੁਮਾਰ ਭਲਾਈਆਣਾ ਅਤੇ ਗੁਰਵੀਰ ਕੌਰ ਨੇ ਕਿਹਾ ਕਿ ਜੇਕਰ ਲੜਕੀਆਂ ਨੂੰ ਉਨ੍ਹਾਂ ਦੀ ਕਾਬਲੀਅਤ ਅਨੁਸਾਰ ਬਰਾਬਰ ਦੇ ਮੌਕੇ ਮੁਹੱਈਆ ਕਰਵਾਏ ਜਾਣ ਤਾਂ ਲੜਕੀਆਂ ਵੀ ਹਰ ਖੇਤਰ ਵਿੱਚ ਚੰਗੇ ਨਤੀਜੇ ਦੇ ਸਕਦੀਆਂ ਹਨ। ਜਿਕਰਯੋਗ ਹੈ ਕਿ ਏਸ਼ਿਆਈ ਗੇਮਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੇ ਟਰਾਇਲ ਪੰਡਿਤ ਜਵਾਹਰ ਲਾਲ ਨਹਿਰੂ ਸਟੇਡੀਅਮ ਨਵੀਂ ਦਿੱਲੀ ਵਿੱਚ ਲੱਗੇ ਇੱਕ ਕੈਂਪ ਦੌਰਾਨ ਕਰਵਾਏ ਗਏ ਸਨ, ਜਿਨ੍ਹਾਂ ਵਿੱਚ ਪੰਜਾਬ ਦੀਆਂ ਦੋ ਲੜਕੀਆਂ ਨੂੰ ਚੁਣਿਆ ਗਿਆ ਹੈ। ਖੋ-ਖੋ ਲਈ ਗੁਰਵੀਰ ਕੌਰ ਅਤੇ ਕੌਮਨ ਵੈਲਥ ਗੇਮਾਂ ਲਈ ਪਟਿਆਲਾ ਦੀ ਵਸਨੀਕ ਦਮਨਪ੍ਰੀਤ ਕੌਰ ਦੀ ਚੋਣ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਵੀਰ ਕੌਰ ਦੇ ਪਿਤਾ ਜਸਕਰਨ ਸਿੰਘ ਅਤੇ ਮਾਤਾ ਜਸਪਿੰਦਰ ਕੌਰ ਨੇ ਕਿਹਾ ਕਿ ਗੁਰਵੀਰ ਨੇ ਉਨ੍ਹਾਂ ਦਾ ਮਾਣ ਵਧਾਇਆ ਹੈ। ਗੁਰਵੀਰ ਕੌਰ ਦੇ ਸਕੂਲ ਬਾਬਾ ਫਰੀਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਐਮ.ਡੀ ਹਰਜੀਤ ਸਿੰਘ ਬਰਾੜ, ਸਕੂਲ ਸਟਾਫ ਅਤੇ ਮੈਨੇਜਮੈਂਟ ਵੱਲੋਂ ਗੁਰਵੀਰ ਕੌਰ ਨੂੰ ਸਨਮਾਨਿਤ ਕੀਤਾ ਗਿਆ।