ਨਿੱਜੀ ਪੱਤਰ ਪ੍ਰੇਰਕ
ਮੋਗਾ, 16 ਫ਼ਰਵਰੀ
ਇੱਥੇ ਫ਼ਿਰੌਤੀ ਲਈ ਗੈਂਗਸਟਰਾਂ ਵੱਲੋਂ ਵੱਟਸਐੱਪ ਨਵੀਨਤਮ ਤਕਨਾਲੋਜੀ ਨਾਲ ਆ ਰਹੇ ਧਮਕੇ ਭਰੇ ਫੋਨਾਂ ਕਾਰਨ ਕਾਰੋਬਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ। ਗੈਂਗਸਟਰ ਸੁੱਖਾ ਲੰਮੇ ਜੋ ਇੱਥੇ ਕਈ ਕਤਲਾਂ ਆਦਿ ਵਿੱਚ ਲੋੜੀਂਦਾ ਹੈ, ਪੁਲੀਸ ਲਈ ਸਿਰਦਰਦ ਬਣਿਆ ਹੋਇਆ ਹੈ। ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਗ਼ੈਰਸਮਾਜੀ ਅਨਸਰਾਂ ਵੱਲੋਂ ਭੋਲੇ-ਭਾਲੇ ਅਤੇ ਰਸੂਖਦਾਰ ਵਿਅਕਤੀਆਂ ਨੂੰ ਧਮਕੀ ਭਰੇ ਫੋਨ ਕਰਕੇ ਫ਼ਿਰੌਤੀ ਲਈ ਡਰਾਉਣ ਧਮਕਾਉਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰੋਬਾਰੀਆਂ ਨੂੰ ਜਾਨ-ਮਾਲ ਦੀ ਸੁਰੱਖਿਆ ਦਾ ਭਰੋਸਾ ਦਿੱਤਾ। ਉਨ੍ਹਾਂ ਅਪੀਲ ਕੀਤੀ ਕਿ ਉਹ ਅਜਿਹੀ ਕੋਈ ਵੀ ਕਾਲ ਆਉਣ ਉੱਤੇ ਘਬਰਾਉਣ ਨਾ, ਬਲਕਿ ਤੁਰੰਤ ਪੁਲੀਸ ਨੂੰ ਸੂਚਨਾ ਦੇਣ ਅਤੇ ਐੱਸਪੀ (ਅਪਰਾਧ) ਜਗਤਪ੍ਰੀਤ ਸਿੰਘ (9815481335) ਅਤੇ ਡੀਐੱਸਪੀ (ਅਪਰਾਧ) ਜੰਗਜੀਤ ਸਿੰਘ (9815800533) ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੁਲੀਸ ਨੇ ਸਿੱਟਾ ਕੱਢਿਆ ਹੈ ਕਿ ਫੋਨ ਕਰਨ ਵਾਲੇ ਠੱਗ ਕਿਸਮ ਦੇ ਲੋਕ ਹਨ ਅਤੇ ਪੈਸੇ ਕਮਾਉਣ ਦੇ ਲਾਲਚ ਵਿਚ ਅਜਿਹੇ ਕਰ ਰਹੇ ਹਨ। ਅਜਿਹੇ ਲੋਕਾਂ ਦੀ ਪੁਲੀਸ ਪੈੜ ਨੱਪ ਰਹੀ ਹੈ ਅਤੇ ਇਨ੍ਹਾਂ ਨੂੰ ਜਲਦ ਹੀ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ।
ਪੁਲੀਸ ਸੂਤਰਾਂ ਮੁਤਾਬਕ ਇੱਥੇ ਕਰੀਬ 50 ਤੋਂ ਵੱਧ ਕਾਰੋਬਾਰੀਆਂ ਨੂੰ ਇਸ ਤਰ੍ਹਾਂ ਦੇ ਫੋਨ ਦੋ ਦਿਨਾਂ ਤੋਂ ਆ ਰਹੇ ਹਨ। ਪੁਲੀਸ ਮੁਤਾਬਕ ਮੁੱਢਲੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਕਾਰੋਬਾਰੀਆਂ ਦੀਆਂ ਦੁਕਾਨਾਂ ਬਾਹਰ ਲੱਗੇ ਬੋਰਡਾਂ ’ਤੇ ਫੋਨ ਨੰਬਰ ਲਿਖੇ ਹੋਏ ਹਨ, ਉਨ੍ਹਾਂ ਨੰਬਰਾਂ ਉੱਤੇ ਹੀ ਕਥਿਤ ਗੈਂਗਸਟਰ ਪਰਿਵਾਰ ਨੂੰ ਖਤਮ ਕਰ ਡਰਾਵਾ ਦੇਕੇ ਫ਼ਿਰੌਤੀ ਲਈ ਫੋਨ ਕਰ ਰਹੇ ਹਨ।
ਇਥੇ ਬੀਤੀ 9 ਫ਼ਰਵਰੀ ਨੂੰ ਇਥੇ ਉੱਘੇ ਮਠਿਆਈ ਕਾਰੋਬਾਰੀ ਉੱਤੇ ਨਕਾਬਪੋਸ਼ ਮੋਟਰ ਸਾਈਕਲ ਸਵਾਰਾਂ ਵੱਲੋਂ ਚਲਾਈਆਂ ਗੋਲੀਆਂ ਨਾਲ ਉਹ ਵਾਲ ਵਾਲ ਬਚ ਗਏ ਅਤੇ ਗੋਲੀਆਂ ਕਾਰ ਵਿੱਚ ਲੱਗੀਆਂ।
ਇਸ ਮਾਮਲੇ ਵਿੱਚ ਥਾਣਾ ਮਹਿਣਾ ਵਿੱਚ ਗੋਲੀਬਾਰੀ ਕਰਨ ਵਾਲੇ ਦੋ ਅਣਪਛਾਤੇ ਗੈਂਗਸਟਰਾਂ ਤੋਂ ਇਲਾਵਾ ਗੈਂਗਸਟਰ ਰਿੰਕੂ ਬੀਹਲਾ,ਅਰਸ਼ਦੀਪ ਵਾਸੀ ਡਾਲਾ, ਅਮਨਦੀਪ ਸਿੰਘ ਉਰਫ਼ ਰਮਨਾ ਵਾਸੀ ਫ਼ਿਰੋਜਪੁਰ ਜਿੰਨ੍ਹਾਂ ਦੇ ਕੈਨੇਡਾ ’ਚ ਹੋਣ ਅਤੇ ਜਗਜੀਤ ਸਿੰਘ ਉਰਫ਼ ਜੱਗੂ ਪਿੰਡ ਕਲੇਰ ਜੋ ਆਸਟਰੇਲੀਆ ਅਤੇ ਪਰਵਿੰਦਰ ਕੁਮਾਰ ਪਿੰਡ ਸ਼ਮਸਾਦਪੁਰ,ਜਿਲ੍ਹਾ ਜਲੰਧਰ ਜੋ ਇਟਲੀ ਵਿੱਚ ਰਹਿੰਦੇ ਹੋਣ ਦਾ ਪਤਾ ਲੱਗਾ ਹੈ, ਨੂੰ ਨਾਮਜ਼ਦ ਕੀਤਾ ਗਿਆ ਹੈ।