ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 9 ਜੁਲਾਈ
ਸੰਯੁਕਤ ਅਧਿਆਪਕ ਫਰੰਟ ਪੰਜਾਬ ਦੇ ਸੱਦੇ ’ਤੇ ਸੂਬੇ ਦੇ ਜ਼ਿਲ੍ਹਾ ਮੋਗਾ, ਬਠਿੰਡਾ, ਮਾਨਸਾ, ਮੁਕਤਸਰ, ਫਰੀਦਕੋਟ, ਫ਼ਿਰੋਜ਼ਪੁਰ, ਫਾਜ਼ਿਲਕਾ, ਬਰਨਾਲਾ, ਸੰਗਰੂਰ, ਮਲੇਰਕੋਟਲਾ, ਪਟਿਆਲ਼ਾ, ਫਤਹਿਗੜ ਸਾਹਿਬ, ਲੁਧਿਆਣਾ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਗੁਰਦਾਸਪੁਰ, ਪਠਾਨਕੋਟ ਦੇ ਸਮੂਹ ਸਕੂਲਾਂ ਵਿੱਚ ਛੇਵੇਂ ਪੇਅ ਕਮਿਸ਼ਨ ਦੀਆਂ ਕਾਪੀਆਂ ਸਾੜਦੇ ਹੋਏ ਕਾਂਗਰਸ ਸਰਕਾਰ ਖ਼ਿਲਾਫ਼ ਰੋਹ ਪ੍ਰਗਟ ਕੀਤਾ। ਸੰਯੁਕਤ ਅਧਿਆਪਕ ਫਰੰਟ ’ਚ ਸ਼ਾਮਲ ਜੱਥੇਬੰਦੀਆ ਡੀ.ਟੀ.ਐਫ., 6060 ਮਾਸਟਰ ਕੇਡਰ ਯੂਨੀਅਨ , 5178 ਮਾਸਟਰ ਕੇਡਰ ਯੂਨੀਅਨ , 3582 ਅਧਿਆਪਕ ਯੂਨੀਅਨ ,ਸਰੀਰਕ ਸਿੱਖਿਆ ਅਧਿਆਪਕ ਐਸੋਸ਼ੀਏਸ਼ਨ, ਈ.ਟੀ.ਟੀ. 6505 ਅਧਿਆਪਕ ਯੂਨੀਅਨ, ਮੁੱਖ ਅਧਿਆਪਕ ਜਥੇਬੰਦੀ ਪੰਜਾਬ ਤੇ ਈ.ਟੀ.ਟੀ. ਟੀਚਰ ਯੂਨੀਅਨ ਦੇ ਆਗੂਆਂ ਸੁਖਵਿੰਦਰ ਸਿੰਘ ਸੁੱਖੀ, ਗਗਨ ਪਾਹਵਾ, ਗੁਰਜਿੰਦਰ ਡੋਹਕ, ਕੁਲਵਿੰਦਰ ਬਰਾੜ, ਰਵਿੰਦਰਪਾਲ ਸਿੰਘ ਰਿੰਪੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ ਦਿੱਤੇ ਜਾਣ ਵਾਲੇ ਮੁਲਾਜਮ ਮਾਰੂ ਛੇਵੇਂ ਪੇਅ ਕਮਿਸ਼ਨ ਦੀਆਂ ਕਾਪੀਆਂ ਫਰੀਦਕੋਟ ਜਿਲ੍ਹੇ ਦੇ ਸਰਕਾਰੀ ਸਕੂਲਾਂ ਅੱਗੇ ਸਾੜੀਆਂ ਗਈਆਂ। ਉਨ੍ਹਾਂ ਕਿਹਾ ਕਿ ਸੂਬੇ ਦੀ ਸਰਕਾਰ ਦੇ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਪ੍ਰਤੀ ਆਪਣਾ ਰੋਹ ਤੇ ਰੋਸ ਪ੍ਰਗਟ ਕਰਨ ਲਈ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ’ਚ 18 ਜੁਲਾਈ 2021 ਨੂੰ ਉਲੀਕੇ ਪੰਜਾਬ ਪੱਧਰ ਦੇ ਧਰਨੇ ਤੇ ਰੈਲੀ ਦੇ ਪ੍ਰੋਗਰਾਮ ’ਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਅਧਿਆਪਕ ਸ਼ਮੂਲੀਅਤ ਕਰਨਗੇ।