ਲਖਵਿੰਦਰ ਸਿੰਘ
ਮਲੋਟ, 15 ਮਈ
ਸ਼ਹਿਰਾਂ ਵਿੱਚ ਧੜਾ-ਧੜ ਖੁੱਲ੍ਹ ਰਹੇ ਬਹੁ-ਗਿਣਤੀ ਨਿੱਜੀ ਨਸ਼ਾ ਛੁਡਾਉ ਕੇਂਦਰ ਨਸ਼ੇੜੀਆਂ ਦੀ ਹੀ ਜਾਨ ਦਾ ਖੌਅ ਬਣਦੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਸਿਹਤ ਸਬੰਧੀ ਤਮਾਮ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਮਾਹਰ ਡਾਕਟਰਾਂ ਦੀ ਦੇਖ-ਰੇਖ ਵਿੱਚ ਦਿੱਤੀਆਂ ਜਾਣ ਵਾਲੀਆਂ ਬਿਊਪਰੀਨੋਰਫਿਨ ਦੀਆਂ ਗੋਲੀਆਂ ਰਿਉੜੀਆਂ ਵਾਂਗ ਵੇਚੀਆਂ ਜਾ ਰਹੀਆਂ ਹਨ, ਜਦਕਿ ਇਹੋ ਗੋਲੀ ਸਰਕਾਰੀ ਹਸਪਤਾਲ ਵਿੱਚ ਨਸ਼ੇੜੀ ਨੂੰ ਮੌਕੇ ’ਤੇ ਹੀ ਡਾਕਟਰ ਦੀ ਨਿਗਰਾਨੀ ਵਿੱਚ ਖੁਆਈ ਜਾਂਦੀ ਹੈ।
ਸਾਹਮਣੇ ਆਏ ਤੱਥਾਂ ਤੇ ਵੇਰਵਿਆਂ ਅਨੁਸਾਰ ਨਿੱਜੀ ਕੇਂਦਰਾਂ ’ਚੋਂ ਦਵਾਈ ਲੈਣ ਆਏ ਵਿਅਕਤੀਆਂ ਨੂੰ ਦੁੱਖ ਤਕਲੀਫ ਅਤੇ ਨਸ਼ੇ ਬਾਰੇ ਵਿਸਥਾਰ ਨਾਲ ਪੁੱਛ ਪੜਤਾਲ ਕਰਕੇ ਦਵਾਈ ਦੇਣ ਦੀ ਬਜਾਏ ਸਿਰਫ ਇੰਨਾ ਪੁੱਛਿਆ ਜਾਂਦਾ ਹੈ ਕਿ ਉਸ ਨੇ ਗੋਲੀਆਂ ਵਾਲਾ ਪੱਤਾ 200 ਵਾਲਾ ਲੈਣਾ ਹੈ ਜਾਂ 400 ਵਾਲਾ, ਜਾਂ ਨੀਂਦ ਵਾਲੇ ਕਿੰਨੇ ਪੱਤੇ ਲੈਣੇ ਹਨ। ਹਾਲਾਂਕਿ ਸਿਹਤ ਸਬੰਧੀ ਜਾਗਰੂਕ ਵਿਅਕਤੀਆਂ ਅਤੇ ਮਨੋਵਿਗਿਆਨਿਕ ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਨਸ਼ੇੜੀ ਨੂੰ ਦਵਾਈ ਦੇਣ ਤੋਂ ਪਹਿਲਾਂ ਉਸ ਦੇ ਦਿਲ, ਜਿਗਰ, ਖੂਨ ਦੀ ਜਾਂਚ ਅਤੇ ਕਾਊਂਸਲਿੰਗ ਆਦਿ ਜ਼ਰੂਰੀ ਹੁੰਦੀ ਹੈ, ਜਿਸ ਦੇ ਆਧਾਰ ’ਤੇ ਹੀ ਉਸ ਨੂੰ ਦਵਾਈ ਦੀ ਖ਼ੁਰਾਕ ਦਿੱਤੀ ਜਾਂਦੀ ਹੈ ਪਰ ਇਸ ਵੇਲੇ ਜ਼ਿਆਦਾਤਰ ਨਿੱਜੀ ਨਸ਼ਾ ਛੁਡਾਊ ਕੇਂਦਰ ਸਿਰਫ ਪੈਸਾ ਕਮਾਉਣ ਦੀ ਹੋੜ ਵਿੱਚ ਲੱਗੇ ਹੋਏ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਡਾਕਟਰਾਂ ਦੀ ਨਿਗਰਾਨੀ ਤੋਂ ਬਿਨਾਂ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਜਿਗਰ ਅਤੇ ਹੋਰ ਸਰੀਰਕ ਅੰਗਾਂ ’ਤੇ ਘਾਤਕ ਅਸਰ ਪਾ ਸਕਦੀਆਂ ਹਨ, ਇਥੋਂ ਤੱਕ ਦਿਮਾਗ ’ਤੇ ਵੀ ਬੁਰਾ ਅਸਰ ਕਰ ਸਕਦੀਆਂ ਹਨ, ਕਿਉਂਕਿ ਹਰ ਵਿਅਕਤੀ ਨੂੰ ਸਰੀਰਕ ਸਮਰੱਥਾ ਅਤੇ ਜਾਂਚ ਨਮੂਨਿਆਂ ਦੇ ਹਿਸਾਬ ਨਾਲ ਹੀ ਦਵਾਈ ਦੀ ਖ਼ੁਰਾਕ ਦਿੱਤੀ ਜਾਂਦੀ ਹੈ। ਕਈ ਨੌਜਵਾਨ ਬਿਨਾਂ ਰੋਕ-ਟੋਕ ਜਾਂ ਪੁੱਛ ਪੜਤਾਲ ਤੋਂ ਮਿਲਦੀਆਂ ਇਨ੍ਹਾਂ ਗੋਲੀਆਂ ਦੀ ਅੱਗੇ ਤਸਕਰੀ ਕਰਨ ਵਰਗੇ ਗਲਤ ਰਾਹ ’ਤੇ ਵੀ ਤੁਰ ਪਏ ਹਨ।
ਸ਼ਹਿਰ ਦੇ ਜਾਗਰੂਕ ਵਿਅਕਤੀਆਂ ਅਨੋਖ ਸਿੰਘ, ਮੰਦਰ ਸਿੰਘ, ਬਲਵਿੰਦਰ ਸਿੰਘ, ਸੁਖਪਾਲ ਸਿੰਘ ਅਤੇ ਹਰਨੇਕ ਸਿੰਘ ਭੋਲਾ ਸਿੰਘ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਅਤੇ ਡੀਜੀਪੀ ਪੰਜਾਬ ਤੋਂ ਮੰਗ ਕੀਤੇ ਕਿ ਅਜਿਹੇ ਗੈਰ-ਜ਼ਿੰਮੇਵਾਰ ਨਸ਼ਾ ਛੁਡਾਊ ਕੇਂਦਰਾਂ ਦੀ ਪੜਤਾਲ ਕਰਵਾ ਕੇ ਤੁਰੰਤ ਸਖਤ ਕਾਰਵਾਈ ਅਮਲ ’ਚ ਲਿਆਂਦੀ ਜਾਵੇ।
ਕੇਂਦਰਾਂ ਦੀ ਜਾਂਚ ਕਰਵਾਈ ਜਾਵੇਗੀ: ਸਿਵਲ ਸਰਜਨ
ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੀ ਸਿਵਲ ਸਰਜਨ ਰੰਜੂ ਸਿੰਗਲਾ ਨੇ ਕਿਹਾ ਕਿ ਵੈਸੇ ਤਾਂ ਉਹ ਅਲਾਟ ਸਟਾਕ ਦੇ ਹਿਸਾਬ ਨਾਲ ਅਕਸਰ ਹੀ ਪੜਤਾਲ ਕਰਦੇ ਰਹਿੰਦੇ ਹਨ ਪਰ ਫਿਰ ਵੀ ਉਹ ਮਲੋਟ ਦੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੀ ਮੁੜ ਪੜਤਾਲ ਕਰਾਉਣਗੇ, ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਤੋਂ ਬਾਹਰ ਹੈ।