ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 27 ਜੂਨ
ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੌਮੀ ਪੜ੍ਹਨ ਸਪਤਾਹ ਦੌਰਾਨ ਪ੍ਰਾਜੈਕਟ ਕਿਤਾਬ ਤਹਿਤ ਸ਼ੁਰੂ ਕੀਤੀਆਂ ਤਿੰਨ ਅਤਿ ਅਧੁਨਿਕ ਲਾਇਬ੍ਰੇਰੀਆਂ ਨੌਜਵਾਨਾਂ ਨੂੰ ਪੁਸਤਕ ਸਭਿਆਚਾਰ ਨਾਲ ਜੋੜਨ ਲੱਗੀਆਂ ਹਨ। ਇਹ ਲਾਇਬ੍ਰੇਰੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਨੌਜਵਾਨਾਂ ਦੇ ਸੁਫ਼ਨਿਆਂ ਨੂੰ ਵੀ ਖੰਭ ਦੇਣਗੀਆਂ। ਨੌਜਵਾਨ ਇਨ੍ਹਾਂ ਲਾਇਬ੍ਰੇਰੀਆਂ ਦੀ ਮੈਂਬਰਸ਼ਿਪ ਲੈਣ ਲਈ ਲਗਾਤਾਰ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਾਗਰ ਸੇਤੀਆ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਹੱਦੀ ਜ਼ਿਲ੍ਹੇ ’ਚ ਸਾਖਰਤਾ ਦਰ 86 ਫੀਸਦੀ ਹੈ ਜੋ ਕਿ ਕੌਮੀ ਔਸਤ ਤੋਂ ਵੱਧ ਹੈ ਅਤੇ ਜ਼ਿਲ੍ਹੇ ’ਚ 40 ਫੀਸਦੀ ਅਬਾਦੀ ਐੱਸਸੀ ਐੱਸਟੀ ਸ਼੍ਰੇਣੀ ਨਾਲ ਸਬੰਧਤ ਹੈ। ਇੱਥੇ ਹਜ਼ਾਰਾਂ ਬੱਚੇ ਪ੍ਰਤੀਯੋਗੀ ਪ੍ਰੀਖ਼ਿਆਵਾਂ ਦੀ ਤਿਆਰੀ ਕਰਦੇ ਹਨ ਪਰ ਉਨ੍ਹਾਂ ਕੋਲ ਕੋਈ ਅਜਿਹੀ ਥਾਂ ਨਹੀਂ ਸੀ ਜਿੱਥੇ ਬੈਠ ਕੇ ਉਹ ਤਿਆਰੀ ਕਰ ਸਕਣ। ਇਸ ਲਾਇਬ੍ਰੇਰੀ ਦਾ ਲਾਭ ਲੈ ਰਹੇ ਨੌਜਵਾਨ ਮਹਿੰਦਰ ਕੁਮਾਰ ਅਨੁਸਾਰ ਪਹਿਲਾਂ ਉਹ 1000 ਰੁਪਏ ਪ੍ਰਤੀ ਮਹੀਨਾ ਖਰਚ ਕੇ ਇਕ ਪ੍ਰਾਈਵੇਟ ਲਾਇਬ੍ਰੇਰੀ ’ਚ ਜਾਂਦੇ ਸਨ ਪਰ ਇੱਥੇ ਸਿਰਫ 200 ਰੁਪਏ ਦੀ ਫੀਸ ਹੈ ਅਤੇ ਇੱਥੇ ਕਿਤਾਬਾਂ, ਇੰਟਰਨੈਟ, ਕੰਪਿਊਟਰ ਆਦਿ ਦੀ ਕਿਤੇ ਵਧੇਰੇ ਸਹੂਲਤ ਉਪਲਬੱਧ ਹੈ।