ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 15 ਅਪਰੈਲ
ਖਾਲਸਾ ਸਾਜਨਾ ਦਿਵਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਹੇਠ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਗੁਰਦੁਆਰਾ ਬੇਰ ਸਾਹਿਬ ਦੇਗਸਰ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਵਿਰਸਾ ਸੰਭਾਲ ਮਾਲਵਾ ਗਤਕਾ ਕੱਪ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੀਆਂ ਟੀਮਾਂ ਨੇ ਭਾਗ ਲਿਆ। ਮੁਕਾਬਲਿਆਂ ਦੀ ਸਮਾਪਤੀ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਤੇ ਤਖ਼ਤ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਇਸ ਜੰਗਜੂ ਕਲਾ ਨੂੰ ਸੁਰਜੀਤ ਰੱਖਣ ਲਈ ਸਾਰੀਆਂ ਹੀ ਸਿੱਖ ਸੰਸਥਾਵਾਂ, ਪਿੰਡਾਂ, ਸ਼ਹਿਰਾਂ, ਕਸਬਿਆਂ ਵਿੱਚ ਬਣੇ ਗਤਕੇ ਅਖਾੜਿਆਂ ਵਿੱਚ ਇਸ ਕਲਾ ਨੂੰ ਹਰ ਸਿੱਖ ਤੱਕ ਪਹੁੰਚਾਉਣ ਲਈ ਕਮਰ ਕੱਸੇ ਕਸਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਵਿਰਾਸਤ ਦੀ ਸ਼ਾਨਾਮੱਤੀ ਸ਼ਸਤਰ ਕਲਾ ਨੂੰ ਸੰਭਾਲਣ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਅਤੇ ਸਾਰੇ ਹੀ ਨਿਹੰਗ ਸਿੰਘ ਦਲ ਪੰਥ ਨਿਰੰਤਰ ਯਤਨਸ਼ੀਲ ਹਨ।
ਇਸ ਮੌਕੇ ਉਨ੍ਹਾਂ ਖਾਲਸਾ ਦੇ ਸਾਜਨਾ ਦਿਵਸ ਦੀ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਬਾ ਬਲਬੀਰ ਸਿੰਘ ਵੱਲੋਂ ਸਿੱਖ ਵਿਰਸੇ ਨੂੰ ਸੰਭਾਲਣ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਬੁੱਢਾ ਦਲ ਵੱਲੋਂ ਜੇਤੂ ਟੀਮਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਦਿਲਜੀਤ ਸਿੰਘ ਬੇਦੀ ਸਕੱਤਰ, ਬਾਬਾ ਜੱਸਾ ਸਿੰਘ ਪੀਏ, ਬਾਬਾ ਸੁਖਵਿੰਦਰ ਸਿੰਘ ਮੋਰ ਪ੍ਰਚਾਰਕ, ਬਾਬਾ ਮੇਜਰ ਸਿੰਘ, ਬਾਬਾ ਮਨਮੋਹਣ ਸਿੰਘ ਬਾਰਨਵਾਲੇ ਤੇ ਬਾਬਾ ਵੱਸਣ ਸਿੰਘ ਹਾਜ਼ਰ ਸਨ।