ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 14 ਨਵੰਬਰ
ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਜਸਵੰਤ ਸਿੰਘ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਕੇ ਦੋਸ਼ ਲਾਇਆ ਕਿ 96 ਕਰੋੜੀ ਬੁਢਾ ਦਲ ਦੇ ਮੁਖੀ ਨਿਹੰਗ ਬਲਵੀਰ ਸਿੰਘ ਗੁਰਦੁਆਰੇ ਦੀ ਬਹੁਕਰੋੜੀ ਜ਼ਮੀਨ ’ਤੇ ਕਥਿਤ ਕਬਜ਼ਾ ਕਰਨ ਦੀ ਸਾਜਿਸ਼ ਰਚ ਰਿਹਾ ਹੈ। ਉਨ੍ਹਾਂ ਅੱਜ ਇੱਥੇ ਦੱਸਿਆ ਕਿ ਉਸ ਦੀ ਤੇ ਉਸ ਦੇ ਪਰਿਵਾਰ ਦੀ ਜਾਨ ਨੂੰ ਵੀ ਖਤਰਾ ਹੈ। ਨਿਹੰਗ ਬਲਵੀਰ ਸਿੰਘ ਕਿਸੇ ਸਮੇਂ ਆਪਣੇ ਮਨਸੂਬੇ ਪੂਰੇ ਕਰ ਸਕਦਾ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਇਸ ਗੁਰਦੁਆਰੇ ਦੀ ਸੇਵਾ ਕਰ ਰਿਹਾ ਹੈ। ਉਸ ਦੇ ਪਿਤਾ ਨੂੰ ਕਤਲ ਦੇ ਝੂਠੇ ਕੇਸ ਵਿਚ ਫਸਾ ਦਿੱਤਾ ਗਿਆ ਜੋ ਇਸ ਸਮੇਂ ਸਜ਼ਾ ਕੱਟ ਰਹੇ ਹਨ, ਹੁਣ ਮੁਲਜ਼ਮ ਉਸ ਦੀ ਤੇ ਉਸ ਦੇ ਪਰਿਵਾਰ ਦੀ ਜਾਨ ਦੇ ਪਿੱਛੇ ਪਏ ਹਨ। ਜ਼ਿਕਰਯੋਗ ਹੈ ਕਿ ਇਸ ਗੁਰਦੁਆਰੇ ਦੀ ਜ਼ਮੀਨ ਦਾ 2006 ਵਿਚ ਸ਼੍ਰੋਮਣੀ ਕਮੇਟੀ ਨਾਲ ਵਿਵਾਦ ਛਿੜਿਆ ਸੀ ਉਸ ਸਮੇਂ 96 ਕਰੋੜੀ ਬਾਬਾ ਸੰਤਾ ਸਿੰਘ ਇਸ ਪਰਿਵਾਰ ਦੀ ਮਦਦ ਲਈ ਅੱਗੇ ਆਇਆ ਸੀ। ਉਸ ਸਮੇਂ ਵਿਵਾਦ ਆਪਸੀ ਸਹਿਮਤੀ ਨਾਲ ਨਬਿੜ ਗਿਆ ਸੀ ਜਿਸ ਤੋਂ ਬਾਅਦ ਇਸ ਗੁਰਦੁਆਰੇ ਕੋਲ 65 ਕਿਲੇ ਜ਼ਮੀਨ ਅਤੇ 150 ਦੁਕਾਨਾਂ ਹਿੱਸੇ ਵਿੱਚ ਆਈਆਂ ਸਨ। ਨਿਹੰਗ ਬਲਵੀਰ ਸਿੰਘ ਦੀ ਸ਼ਿਕਾਇਤ ’ਤੇ ਡੀਐੱਸਪੀ ਕੋਟਕਪੂਰਾ ਰਮਨਦੀਪ ਸਿੰਘ ਭੁਲੱਰ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਭਲਕੇ ਦੋਵਾਂ ਧਿਰਾਂ ਨੂੰ ਡੀਐੱਸਪੀ ਦਫ਼ਤਰ ਸੱਦਿਆ ਗਿਆ ਹੈ। ‘ਆਪ’ ਵਿਧਾਇਕ ਕੁਲਤਾਰ ਸਿੰਘ ਨੇ ਕਿਹਾ ਕਿ ਇਸ ਵਿਵਾਦ ਨਾਲ ਮਾਹੌਲ ਖਰਾਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ।