ਪੱਤਰ ਪੇ੍ਰਕ
ਕਾਲਾਂਵਾਲੀ, 28 ਨਵੰਬਰ
ਇੱਥੋਂ ਦੇ ਪਿੰਡ ਕਾਲਾਂਵਾਲੀ ਨੇੜੇ ਤੇਜ਼ ਰਫ਼ਤਾਰ ਪਿਕਅੱਪ ਨੇ ਮੋਟਰਸਾਈਕਲ ਸਵਾਰ ਭਰਾ-ਭੈਣ ਨੂੰ ਟੱਕਰ ਮਾਰ ਦਿੱਤੀ| ਹਾਦਸੇ ‘ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਉਸ ਦੀ ਭੈਣ ਗੰਭੀਰ ਜ਼ਖ਼ਮੀ ਹੋ ਗਈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਮਹਿੰਦਰ ਕੌਰ ਵਾਸੀ ਬੜਾਗੁੜਾ ਨੇ ਦੱਸਿਆ ਉਹ ਆਪਣੇ ਨਾਨਕੇ ਪਿੰਡ ਕਣਕਵਾਲ ਗਈ ਹੋਈ ਸੀ| ਉਸਨੇ ਦੱਸਿਆ ਕਿ ਸ਼ਾਮ ਨੂੰ ਉਹ ਕਣਕਵਾਲ ਤੋਂ ਆਪਣੇ ਮਾਮੇ ਦੇ ਲੜਕੇ ਵਿਕਰਮ ਨਾਲ ਵਾਪਸ ਬੜਾਗੁੜਾ ਆ ਰਹੀ ਸੀ। ਇਸ ਦੌਰਾਨ ਪਿੰਡ ਕਾਲਾਂਵਾਲੀ ਨੇੜੇ ਕਾਲਾਂਵਾਲੀ ਤੋਂ ਆਈ ਤੇਜ਼ੀ ਨਾਲ ਪਿਕਅੱਪ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ| ਜਿਸ ਨਾਲ ਉਹ ਦੋਵੇਂ ਮੋਟਰਸਾਈਕਲ ਸਮੇਤ ਸੜਕ ‘ਤੇ ਡਿੱਗ ਪਏ| ਜਿਸ ਕਾਰਨ ਉਹ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ| ਪਿਕਅੱਪ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਦੋਵਾਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਕਾਲਾਂਵਾਲੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਸਿਰਸਾ ਰੈਫਰ ਕੀਤਾ ਗਿਆ। ਸਿਰਸਾ ਲੈ ਕੇ ਆਉਂਦੇ ਹੋਏ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲੀਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ। ਪੁਲੀਸ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ‘ਤੇ ਪਿੱਕਅਪ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤੀ ਹੈ।