ਪੱਤਰ ਪ੍ਰੇਰਕ
ਮਾਨਸਾ, 30 ਸਤੰਬਰ
ਸਿਵਲ ਹਸਪਤਾਲ ਮਾਨਸਾ ਦੇ ਫਰਜ਼ੀਵਾੜੇ ਮਾਮਲੇ ’ਚ ਅਦਾਲਤ ਵਲੋਂ ਕੁੱਝ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਮੁੜ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ ਮੁਲਜ਼ਮਾਂ ਵੱਲੋਂ ਜ਼ਮਾਨਤ ਲਈ ਮਾਨਸਾ ਦੀ ਅਦਾਲਤ ਵਿਚ ਅਰਜ਼ੀਆਂ ਲਾਈਆਂ ਗਈਆਂ ਸਨ, ਜਿਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ। ਮੰਗਲਵਾਰ ਨੂੰ ਅਦਾਲਤ ਨੇ ਮੁੜ ਪੰਜ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਦਿੱਤੀਆਂ ਹਨ। ਇਸ ਮਾਮਲੇ ਵਿਚ ਇਕ ਸਰਕਾਰੀ ਡਾਕਟਰ ਦੀ ਗ੍ਰਿਫ਼ਤਾਰੀ ਬਾਕੀ ਹੈ। ਦੱਸਿਆ ਗਿਆ ਹੈ ਕਿ ਚੌਕਸੀ ਵਿਭਾਗ ਵੱਲੋਂ ਸਿਵਲ ਹਸਪਤਾਲ ਫਰਜ਼ੀਵਾੜੇ ਮਾਮਲੇ ਦਾ ਚਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਗਿਆ ਹੈ।
ਕੁੱਝ ਮਹੀਨੇ ਪਹਿਲਾਂ ਵਿਜੀਲੈਂਸ ਵਿਭਾਗ ਮਾਨਸਾ ਨੇ ਸਿਵਲ ਹਸਪਤਾਲ ’ਚ ਫਰਜ਼ੀਵਾੜੇ ਨੂੰ ਲੈਕੇ ਤਿੰਨ ਸਰਕਾਰੀ ਮੁਲਾਜ਼ਮਾਂ ਸਮੇਤ ਕੁਝ ਦੁਕਾਨਦਾਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਦੋਸ਼ ਸੀ ਕਿ ਹਸਪਤਾਲ ਵਿਚ ਸਰਕਾਰ ਵਲੋਂ ਭੇਜੀਆਂ ਜਾਂਦੀਆਂ ਗਰੀਬਾਂ ਲਈ ਯੌਜਨਾਵਾਂ ਤੇ ਸਿਹਤ ਬੀਮਾ ਕਾਰਡਾਂ ਰਾਹੀਂ ਅਪਰੇਸ਼ਨ ਆਦਿ ਦੇ ਕੇਸਾਂ ਨੂੰ ਨਿੱਜੀ ਹਸਪਤਾਲਾਂ ਵਿਚ ਫਰਜ਼ੀ ਦਸਤਖਤਾਂ ਹੇਠ ਰੈਫਰ ਕਰਕੇ ਉਨ੍ਹਾਂ ਤੋਂ ਪੈਸੇ ਵਸੂਲੇ ਜਾਂਦੇ ਸਨ।