ਪੱਤਰ ਪ੍ਰੇਰਕ
ਭਦੌੜ, 30 ਅਗਸਤ
ਇੱਥੇ ਨਗਰ ਕੌਂਸਲ ਵੱਲੋਂ ਪ੍ਰਾਪਰਟੀ ਟੈਕਸ ਉਗਰਾਹੁਣ ਲਈ ਅੱਜ ਕਸਬੇ ਅੰਦਰ ਦੁਕਾਨਾ ਤੇ ਵਪਾਰਕ ਅਦਾਰਿਆਂ ਨੂੰ ਤਾਲਾਬੰਦੀ ਕਰਨ ਦੀ ਵਿੱਢੀ ਮੁਹਿੰਮ ਨੂੰ ਉਦੋਂ ਬਰੇਕਾਂ ਲੱਗ ਗਈਆਂ ਜਦੋਂ ਡਿਊਟੀ ਮੈਜਿਸਟਰੇਟ ਨਾਇਬ ਤਹਿਸੀਲਦਾਰ, ਕਾਰਜ ਸਾਧਕ ਅਫ਼ਸਰ, ਥਾਣਾ ਮੁਖੀ ਪੁਲੀਸ ਫੋਰਸ ਨਾਲ ਬੀਕਾਨੇਰ ਮਿਸਠਾਨ ਭੰਡਾਰ ਦੀ ਤਾਲਾਬੰਦੀ ਕਰਨ ਆਏ ਤਾ ਅੱਗੋਂ ਵਪਾਰੀਆਂ ਦੀ ਪ੍ਰਸ਼ਾਸਨ ਨਾਲ ਤਿੱਖੀ ਬਹਿਸ ਹੋ ਗਈ। ਕਾਰਜ ਸਾਧਕ ਅਫ਼ਸਰ ਸੁਨੀਲ ਦੱਤ ਵਰਮਾ, ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ, ਐੱਸਐੱਚਓ ਬਲਤੇਜ ਸਿੰਘ ਬੀਕਾਨੇਰ ਮਿਸਠਾਨ ਭੰਡਾਰ ਨੂੰ ਸੀਲ ਕਰਨ ਲਈ ਅੱਗੇ ਵਧੇ ਤਾਂ ਵਪਾਰੀਆਂ ਨੇ ਇਸ ਦਾ ਵਿਰੋਧ ਕੀਤਾ। ਦੁਕਾਨ ਮਾਲਕ ਤੇ ਪ੍ਰਸ਼ਾਸਨ ਵਿਚਾਲੇ ਪ੍ਰਾਪਰਟੀ ਟੈਕਸ ਨੂੰ ਲੈ ਕੇ ਕਾਫ਼ੀ ਬਹਿਸ ਹੋਈ। ਮਾਮਲਾ ਵਧਦਾ ਦੇਖ ਨਾਇਬ ਤਹਿਸੀਲਦਾਰ ਨੇ ਈਓ ਨਾਲ ਗੱਲ ਕਰਕੇ ਸਾਰੇ ਦੁਕਾਨਦਾਰਾਂ ਨੂੰ ਕੌਂਸਲ ਦਫ਼ਤਰ ਬੁਲਾ ਲਿਆ ਤੇ ਕੁਝ ਦੁਕਾਨਦਾਰ ਟੈਕਸ ਭਰ ਗਏ। ਪੰਜ ਵਜੇ ਦੁਬਾਰਾ ਤਾਲਬੰਦੀ ਸ਼ੁਰੂ ਕਰਕੇ ਇੱਕ ਆਈਲੈਟਸ ਸੈਂਟਰ ਦੀ ਤਾਲਬੰਦੀ ਕਰ ਦਿੱਤੀ। ਕਾਰਜ ਸਾਧਕ ਅਫ਼ਸਰ ਸੁਨੀਲ ਦੱਤ ਵਰਮਾ ਨੇ ਕਿਹਾ ਕਿ ਉਹ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਹੀ ਕਾਰਵਾਈ ਕਰ ਰਹੇ ਹਾਂ।