ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਪਰੈਲ
ਮਾਨਸਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੇ ਘਿਰਾਓ ਕਰਨ ਦੇ ਵਿਰੋਧ ਵਿੱਚ ਅੱਜ ਖਰੀਦ ਅਧਿਕਾਰੀਆਂ ਨੇ ਜ਼ਿਲ੍ਹੇ ਭਰ ਵਿੱਚ ਕਣਕ ਦੀ ਖਰੀਦ ਦਾ ਬਾਈਕਾਟ ਕਰਕੇ ਰੋਸ ਪ੍ਰਦਰਸ਼ਨ ਕੀਤਾ। ਖਰੀਦ ਅਧਿਕਾਰੀਆਂ ਵੱਲੋਂ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਮੰਡੀਆਂ ਵਿੱਚ ਤਾਇਨਾਤ ਖਰੀਦ ਇੰਸਪੈਕਟਰਾਂ ਦੇ ਕਿਸਾਨਾਂ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਬੇਲੋੜੇ ਘਿਰਾਓ ਨੂੰ ਲੈ ਕੇ ਸੁਰੱਖਿਆ ਬਹਾਲ ਕੀਤੀ ਜਾਵੇ।
ਮਾਨਸਾ ਦੇ ਜ਼ਿਲ੍ਹਾ ਪੱਧਰੀ ਫੂਡ ਸਪਲਾਈ ਕੰਟਰੋਲਰ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸਰਕਾਰ ਦੀ ਹਦਾਇਤ ਉਤੇ ਉਹ ਕਣਕ ਖਰੀਦ ਕਰ ਰਹੇ ਹਨ ਪਰ ਕੁਝ ਕਿਸਾਨ ਨਮੀ ਵਾਲੀ ਕਣਕ ਮੰਡੀ ਵਿੱਚ ਲੈ ਕੇ ਆ ਰਹੇ ਹਨ ਜਿਸ ਕਾਰਨ ਸਰਕਾਰੀ ਮਿਆਰ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਬੋਲੀ ਨਹੀਂ ਹੋ ਰਹੀ ਹੈ ਪਰ ਕਿਸਾਨ ਜਬਰਦਸਤੀ ਬੋਲੀ ਕਰਵਾਉਣ ਲਈ ਖਰੀਦ ਇੰਸਪੈਕਟਰਾਂ ਦਾ ਘਿਰਾਓ ਕਰ ਰਹੇ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਨੂੰ ਇੱਕ ਲਿਖਤੀ ਮੰਗ ਪੱਤਰ ਦਿੱਤਾ ਗਿਆ।
ਭਦੌੜ (ਰਾਜਿੰਦਰ ਵਰਮਾ): ਲੰਘੀ 13 ਅਪਰੈਲ ਤੋਂ ਕਣਕ ਦੀ ਖਰੀਦ ਨਾ ਹੋਣ ਕਰਕੇ ਕਿਸਾਨ ਅਨਾਜ ਮੰਡੀਆਂ ’ਚ ਰੁਲ ਰਹੇ ਹਨ। ਦਾਣਾ ਮੰਡੀ ਭਦੌੜ ਵਿਚ ਕਿਸਾਨ ਤੋਤਾ ਸਿੰਘ ਮਾਨ, ਪਰਮੁਖ ਸਿੰਘ, ਹਰਦਮ ਸਿੰਘ, ਜਗਰੂਪ ਸਿੰਘ, ਜੱਗਾ ਸਿੰਘ ਅਤੇ ਕਰਮਜੀਤ ਸਿੰਘ ਮਾਨ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਉਹ ਕਣਕ ਦੀ ਫਸਲ ਲੈ ਕੇ ਬੈਠੇ ਪਰ ਕਿਸੇ ਵੀ ਅਧਿਕਾਰੀ ਜਾਂ ਲੀਡਰ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਕਿਸਾਨਾਂ ਨੇ ਕਿਹਾ ਕਿ ਉਪਰੋਂ ਮੌਸਮ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਕਣਕ ਭਿੱਜਣ ਦਾ ਡਰ ਸਤਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਖਰੀਦ ਸ਼ੁਰੂ ਨਾ ਕੀਤੀ ਗਈ ਤਾਂ ਧਰਨਾ ਲਗਾਇਆ ਜਾਵੇਗਾ। ਮਾਰਕੀਟ ਕਮੇਟੀ ਭਦੌੜ ਦੇ ਸੈਕਟਰੀ ਹਰਦੀਪ ਸਿੰਘ ਨੇ ਕਿਹਾ ਕਿ ਅੱਜ ਮੱਝੂਕੇ ਵਿੱਚ ਖਰੀਦ ਸ਼ੁਰੂ ਕਰਵਾਈ ਗਈ ਹੈ। ਭਦੌੜ ਵਿਚ ਖਰੀਦ ਏਜੰਸੀਆਂ ਨਾਲ ਮੀਟਿੰਗ ਕੀਤੀ ਗਈ ਹੈ ਅਤੇ ਜ਼ਿਆਦਾ ਨਮੀ ਕਾਰਨ ਖਰੀਦ ’ਚ ਦੇਰੀ ਹੋ ਰਹੀ ਹੈ ਪਰ ਕੱਲ੍ਹ ਖਰੀਦ ਸ਼ੁਰੂ ਹੋ ਜਾਵੇਗੀ।