ਬਲਜੀਤ ਸਿੰਘ
ਸਰਦੂਲਗੜ੍ਹ, 21 ਅਪਰੈਲ
ਨਾਇਬ ਤਹਿਸੀਲਦਾਰ ਸਰਦੂਲਗੜ੍ਹ ਬਲਵਿੰਦਰ ਸਿੰਘ ਵੱਲੋਂ ਬਾਰ ਐਸੋਸੀਏਸ਼ਨ ਦੇ ਮੈਂਬਰ ਨਵਨੀਤ ਖੁਡਾਣੀਆ ਨਾਲ ਭੱਦੀ ਸ਼ਬਦਾਵਲੀ ਵਰਤਣ ਦੇ ਵਿਰੋਧ ਵਿੱਚ ਬਾਰ ਵੱਲੋਂ ਨਾਇਬ ਤਹਿਸੀਲਦਾਰ ਦੀ ਕੋਰਟ ਦਾ ਬਾਈਕਾਟ ਕਰਨ ਦਾ ਫੈਸਲਾ ਕਰਦੇ ਹੋਏ ਨਾਇਬ ਤਹਸੀਲਦਾਰ ਦੀ ਬਦਲੀ ਕਰਨ ਦੀ ਮੰਗ ਕੀਤੀ ਗਈ। ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸਰਾਂ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਅਤੇ ਰੀਡਰ ਵੱਲੋੰ ਮਿਲੀਭੁਗਤ ਕਰਕੇ ਤਰੀਕਾਂ ਤੋ ਪਹਿਲਾਂ ਹੀ ਕੇਸ਼ਾ ਦਾ ਫੈਸਲਾ ਕਰ ਦਿੱਤਾ। ਜਿਸ ਨੂੰ ਲੈਕੇ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਅਤੇ ਮੈਂਬਰ ਉਨ੍ਹਾਂ ਨੂੰ ਮਿਲੇ ਸਨ। ਅੱਜ ਵਕੀਲ ਨਵਨੀਤ ਖੁਡਾਣੀਆ ਦੂਸਰੀ ਵਾਰ ਤਹਿਸੀਲਦਾਰ ਨੂੰ ਮਿਲਿਆ ਤਾਂ ਉਨ੍ਹਾਂ ਵਕੀਲ ਨੂੰ ਭੱਦੀ ਸ਼ਬਦਾਵਲੀ ਵਰਤੀ। ਜਿਸ ਨੂੰ ਲੈ ਕੇ ਬਾਰ ਐਸੋਸ਼ੀਏਸ਼ਨ ਨੇ ਇੱਕ ਮਤਾ ਪਾਸ ਕਰਕੇ ਨਾਇਬ ਤਹਸੀਲਦਾਰ ਬਲਵਿੰਦਰ ਸਿੰਘ ਦੀ ਕੋਰਟ ਦਾ ਬਾਈਕਾਟ ਕਰ ਦਿੱਤਾ ਅਤੇ ਮਤੇ ਦੀ ਇੱਕ ਇੱਕ ਕਾਪੀ ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ ਤੇ ਐੱਸ.ਡੀ.ਐੱਮ. ਸਰਦੂਲਗੜ੍ਹ ਮੈਡਮ ਮਨੀਸ਼ਾ ਰਾਣਾ ਨੂੰ ਭੇਜ ਕੇ ਮੰਗ ਕੀਤੀ ਕਿ ਇਸ ਤਹਿਸੀਲਦਾਰ ਤੇ ਰੀਡਰ ਦੀ ਬਦਲੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਦੋਵਾਂ ਦੀ ਬਦਲੀ ਨਹੀਂ ਕੀਤੀ ਜਾਂਦੀ ਉਦੋਂ ਤੱਕ ਨਾਇਬ ਤਹਿਸੀਲਦਾਰ ਦਾ ਬਾਈਕਾਟ ਰਹੇਗਾ।
ਇਸ ਸਬੰਧੀ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਵਕੀਲ ਦਬਾਅ ਪਾ ਕੇ ਫੈਸਲਾ ਆਪਣੇ ਹੱਕ ਵਿੱਚ ਕਰਵਾਉਣਾ ਚਾਹੁੰਦਾ ਹੈ ਜਦੋਂਕਿ ਦੂਸਰੀ ਧਿਰ ਵੱਲੋਂ ਕੇਸ ਨੂੰ ਐਫਸੀਆਰ ਦੀ ਅਦਾਲਤ ਵਿੱਚ ਪਾਇਆ ਹੋਇਆ ਹੈ।