ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 20 ਜਨਵਰੀ
ਇਥੇ ਗੀਤਾ ਭਵਨ ਨੇੜੇ ਇੱਕ ਕਿਤਾਬਾਂ ਦੀ ਦੁਕਾਨ ਨੂੰ ਅੱਗ ਜਾਣ ਕਾਰਨ ਦੁਕਾਨ ’ਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਗਿਆ। ਜਾਣਕਾਰੀ ਅਨੁਸਾਰ ਸ਼ਤੀਸ ਕੁਮਾਰ ਜੋ ਬਾਲਾ ਜੀ ਟਰੇਡਰਜ਼ ਦੇ ਨਾਂ ’ਤੇ ਗੀਤਾ ਭਵਨ ਕੋਲ ਕਿਤਾਬਾਂ ਕਾਪੀਆਂ ਤੇ ਹੋਰ ਸਕੁੂਲ ਸਟੇਸ਼ਨਰੀ ਆਦਿ ਸਾਮਾਨ ਦੀ ਦੁਕਾਨ ਕਰਦਾ ਸੀ। ਅੱਜ ਸਵੇਰੇ 4 ਵਜੇ ਦੇ ਕਰੀਬ ਦੁਕਾਨ ਨੂੰ ਅੱਜ ਲੱਗਣ ਕਾਰਨ ਜਦੋਂ ਨੇੜੇ ਦੇ ਗੁਆਂਢੀਆਂ ਨੂੰ ਦੁਕਾਨ ’ਚੋਂ ਨਿਕਲ ਰਿਹਾ ਧੁੂੰਆਂ ਤੇ ਅੱਗ ਦੀਆਂ ਲਪਟਾਂ ਦਾ ਪਤਾ ਲੱਗਾ ਤਾਂ ਰੌਲਾ ਪੈ ਗਿਆ ਤੇ ਆਸ ਪਾਸ ਦੇ ਇਕੱਠੇ ਹੋਏ ਲੋਕਾਂ ਨੇ ਇਸ ਦੀ ਜਾਣਕਾਰੀ ਦੁਕਾਨ ਮਾਲਕ ਤੇ ਫਾਇਰ ਬ੍ਰਿਗੇਡ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਤੁਰੰਤ ਦੁਕਾਨ ਦਾ ਸ਼ਟਰ ਤੋੜਿਆ ਤੇ ਕਾਡੀ ਜਹਿਦ ਮਗਰੋਂ ਅੱਗ ’ਤੇ ਕਾਬੂ ਪਾਇਆ। ਦੁਕਾਨ ਮਾਲਕਾਂ ਨੇ ਪੁਲੀਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਤੇ ਪਏ 4 ਲੱਖ ਦੇ ਕਰੀਬ ਸਾਮਾਨ ਦਾ ਨੁਕਸਾਨ ਹੋ ਗਿਆ ਜਿਹੜਾ ਕਿ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਹੈ, ਜਿਸ ਦੀ ਪੁਲੀਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਦੁਕਾਨ ਕੋਲ ਅਨਾਥ ਗਊ ਆਸ਼ਰਮ ਹੋਣ ਕਾਰਨ ਗਊ ਭਗਤਾਂ ਦੀ ਗਊਆਂ ਨੁੂੰ ਹਰਾ ਚਾਰਾ ਪਾਉਣ ਲਈ ਸਵੇਰ ਸਮੇਂ ਹੀ ਆਵਾਜਾਈ ਸ਼ੁਰੂ ਹੋਣ ਕਾਰਨ ਹਰੇ ਚਾਰੇ ਦੀਆਂ ਦੁਕਾਨਾਂ ਜਲਦੀ ਖੁੱਲ੍ਹ ਜਾਂਦੀਆਂ ਹਨ, ਜਿਨ੍ਹਾਂ ਦੀ ਬਦੌਲਤ ਅੱਗ ਦਾ ਪਤਾ ਚੱਲ ਗਿਆ ਤੇ ਕੋਈ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਦੁਕਾਨ ਕੋਲ ਪਲਾਈ ਬੋਰਡਾਂ ਤੇ ਰੰਗਾਂ ਦਾ ਗੁਦਾਮ ਵੀ ਸੀ ਜਿੱਥੇ ਵੱਡੀ ਮਾਤਰਾ ਵਿੱਚ ਤਾਰਪੀਨ ਦਾ ਤੇਲ ਵੀ ਹਰ ਸਮੇਂ ਪਿਆ ਰਹਿੰਦਾ ਹੈ।