ਨਵਕਿਰਨ ਸਿੰਘ
ਮਹਿਲ ਕਲਾਂ, 15 ਦਸੰਬਰ
ਇਥੇ ਸਰਕਾਰੀ ਹਾਈ ਸਕੂਲ ਚੁਹਾਣਕੇ ਖੁਰਦ ਵਿੱਚ ਨੰਬਰਦਾਰ ਮੇਜਰ ਸਿੰਘ ਧਾਲੀਵਾਲ ਦੀ ਪੰਜਵੀਂ ਬਰਸੀ ਮੌਕੇ ਸਾਹਿਤਕ ਅਤੇ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਗਾਇਨ ਕਰਕੇ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਓਮ ਪ੍ਰਕਾਸ਼ ਗਾਸੋ ਨੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਆਪਣੀ ਜ਼ਿੰਦਗੀ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਮਾਜ ਦੇ ਵਿਕਾਸ ਲਈ ਕਿਤਾਬਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਲਈ ਸਾਨੂੰ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਸ ਮੌਕੇ ਡੇਰਾ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਮੁਖੀ ਸੰਤ ਪਿਆਰਾ ਸਿੰਘ, ਰਛਪਾਲ ਸਿੰਘ ਜ਼ਿਲ੍ਹਾ ਕਮਾਂਡਰ ਹੋਮ ਗਾਰਡਜ਼ ਅਤੇ ਮਨਪ੍ਰੀਤ ਸਿੰਘ ਸਿੱਧੂ ਨੇ ਵੀ ਵਿਚਾਰ ਸਾਂਝੇ ਕੀਤਾ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਨਾਟਕ, ਕੋਰਿਓਗ੍ਰਾਫੀ, ਸਕਿੱਟ, ਭਾਸ਼ਣ, ਗੀਤਾਂ, ਭੰਗੜੇ ਅਤੇ ਗਿੱਧੇ ਦੀਆਂ ਸ਼ਾਨਦਾਰ ਵੰਨਗੀਆਂ ਪੇਸ਼ ਕੀਤੀਆਂ ਗਈਆ। ਇਸ ਮੌਕੇ ਧਾਲੀਵਾਲ ਪਰਿਵਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਕਰਮਜੀਤ ਸਿੰਘ ਧਾਲੀਵਾਲ ਵੱਲੋਂ ਅਕਾਦਮਿਕ ਖੇਤਰ, ਖੇਡਾਂ ਅਤੇ ਹੋਰ ਸਹਿ ਵਿਦਿਅਕ ਗਤੀਵਿਧੀਆਂ ਵਿੱਚ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।