ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 27 ਜੂਨ
ਪੁਲੀਸ ਨੇ ਪਿੰਡ ਥੇਹੜੀ ਵਾਸੀ ਸੰਦੀਪ ਸਿੰਘ ਦੇ ਬਿਆਨਾਂ ’ਤੇ ਵਿਨੋਦ ਕੁਮਾਰ ਪੰਡਿਤ ਵਾਸੀ ਅੰਦਾਲ ਜ਼ਿਲ੍ਹਾ ਦੁਰਗਾਪੁਰ ਪੱਛਮੀ ਬੰਗਾਲ, ਬਿਸ਼ਨ ਦੇਊ ਪੁੱਤਰ ਗਿਰਜਾਦਾਸ ਵਾਸੀ ਪਠਾਨ ਅਤੇ ਬਗਦੀਪਾੜਾ ਕਨਸਕਾ ਬੁਰਦਵਾਨ ਪੱਛਮੀ ਬੰਗਾਲ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਵਾਸੀ ਥੇਹੜੀ ਨੇ ਸਾਈਬਰ ਕਰਾਈਮ ਸੈੱਲ ਮੁਹਾਲੀ ਨੂੰ ਸ਼ਿਕਾਇਤ ਕੀਤੀ ਸੀ ਕਿ ਇਨ੍ਹਾਂ ਵਿਅਕਤੀਆਂ ਨੇ ਪੇ.ਟੀ.ਐੱਮ. ਐਪ ਨਾਲ ਉਸ ਦੇ ਐਕਸਿਸ ਬੈਂਕ ਤੇ ਖਾਤੇ ਵਿੱਚੋਂ 1,99, 987 ਰੁਪਏ ਧੋਖੇ ਨਾਲ ਕਢਵਾ ਲਏ। ਇਸ ਦੀ ਜਾਂਚ ਮਗਰੋਂ ਸਾਈਬਰ ਕਰਾਈਮ ਸੈਲ ਵੱਲੋਂ ਸੀਨੀਅਰ ਪੁਲੀਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਨੂੰ ਕਾਰਵਾਈ ਹਿੱਤ ਭੇਜਿਆ। ਸਬੰਧਤ ਥਾਣਾ ਗਿੱਦੜਬਾਹਾ ਨੇ ਆਈ.ਪੀ.ਸੀ. ਦੀ ਧਾਰਾ 420 ਅਤੇ ਆਈ.ਟੀ. ਐਕਟ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ।
ਬਠਿੰਡਾ (ਸ਼ਗਨ ਕਟਾਰੀਆ): ਇੱਥੇ ਗਣੇਸ਼ਾ ਬਸਤੀ ਦੀ ਵਸਨੀਕ ਮਹਿਲਾ ਲੈਕਚਰਾਰ ਦੇ ਬੈਂਕ ਖਾਤੇ ਵਿੱਚੋਂ 84,700 ਰੁਪਏ ਗਾਇਬ ਹੋਣ ਸਬੰਧੀ ਸਿਵਲ ਲਾਈਨ ਪੁਲੀਸ ਸਟੇਸ਼ਨ ਵਿੱਚ ਧੋਖਾਧੜੀ ਅਤੇ ਆਈ.ਟੀ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਲੈਕਚਰਾਰ ਸ਼ਿਖ਼ਾ ਅਰੋੜਾ ਪਤਨੀ ਰਾਜਨ ਕਟਾਰੀਆ ਅਨੁਸਾਰ ਅੱਧੀ ਰਾਤ ਨੂੰ ਇਹ ਸਾਰਾ ਪੈਸਾ ਉਸ ਦੇ ਖਾਤੇ ’ਚੋਂ ਲੋਪ ਹੋ ਗਿਆ ਅਤੇ ਇਸ ਬਾਰੇ ਪਤਾ ਉਸ ਨੂੰ ਮੋਬਾਈਲ ਫ਼ੋਨ ਦੇ ਮੈਸੇਜ ਤੋਂ ਲੱਗਿਆ।
ਏਟੀਐੱਮ ਕਾਰਡ ਬਦਲ ਕੇ ਇਕ ਲੱਖ ਰੁਪਏ ਕਢਵਾਏ
ਕੋਟਕਪੂਰਾ (ਟ੍ਰਿਬਿਊਨ ਨਿਊਜ਼ ਸਰਵਿਸ): ਭਾਰਤੀ ਸਟੇਟ ਬੈਂਕ ਦੇ ਇਕ ਖਾਤਾਧਾਰਕ ਨੂੰ ਏਟੀਐੱਮ ਚਲਾਉਣ ਦਾ ਢੰਗ ਨਾ ਆਉਣ ਦੀ ਕੀਮਤ ਇਕ ਲੱਖ ਰੁਪਏ ਗੁਆ ਕੇ ਚੁਕਾਉਣੀ ਪਈ। ਠੱਗੀ ਬਾਰੇ ਜਦ ਉਸ ਨੇ ਬੈਂਕ ਦੀ ਸਥਾਨਕ ਸ਼ਾਖਾ ’ਚ ਜਾ ਕੇ ਮਦਦ ਮੰਗੀ ਤਾਂ ਅਧਿਕਾਰੀਆਂ ਨੇ ਇਸ ਦੀ ਕੋਈ ਮਦਦ ਨਹੀਂ ਕੀਤੀ। ਥਾਣੇ ’ਚ ਵੀ ਸੁਣਵਾਈ ਨਾ ਹੋਣ ’ਤੇ ਉੱਚ ਅਧਿਕਾਰੀਆਂ ਨੂੰ ਪੱਤਰ ਲਿਖਣ ਤੋਂ ਬਾਅਦ ਅਧਿਕਾਰੀਆਂ ਦੇ ਦਖਲ ’ਤੇ ਉਸ ਨਾਲ ਵੱਜੀ ਠੱਗੀ ਦਾ ਮਾਮਲਾ ਕੋਟਕਪੂਰਾ ਸ਼ਹਿਰੀ ਪੁਲੀਸ ਥਾਣੇ ’ਚ ਦਰਜ ਹੋਇਆ। ਸਥਾਨਕ ਸਹਬਿਜ਼ਾਦਾ ਫਤਹਿ ਸਿੰਘ ਨਗਰ ਮੁਕਤਸਰ ਰੋਡ ਦੇ ਵਸਨੀਕ ਮੰਗਲ ਸਿੰਘ ਪੁੱਤਰ ਗੱਜਣ ਸਿੰਘ ਨੂੰ ਬੈਂਕ ਨੇ ਸਹੂਲਤ ਲਈ ਏਟੀਐਮ ਕਾਰਡ ਈਸ਼ੂ ਕੀਤਾ ਸੀ। ਉਹ ਆਪਣਾ ਇਹ ਏਟੀਐਮ ਕਾਰਡ ਲੈ ਕੇ ਜਦ ਬੈਂਕ ਦੀ ਏਟੀਐੱਮ ਮਸ਼ੀਨ ’ਚ ਗਿਆ ਤਾਂ ਉੱਥੇ ਉਸ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਜਦ ਰਕਮ ਮਸ਼ੀਨ ’ਚੋਂ ਬਾਹਰ ਨਾ ਨਿਕਲੀ ਤਦ ਬਾਹਰ ਖੜ੍ਹਿਆ ਵਿਅਕਤੀ ਉਸ ਦੀ ਮਦਦ ਲਈ ਆਇਆ ਤੇ ਉਸਨੇ ਮਸ਼ੀਨ ’ਚੋਂ 5 ਹਜ਼ਾਰ ਰੁਪਏ ਕੱਢ ਦੇ ਦਿੱਤੇ ਪ੍ਰੰਤੂ ਕੁਝ ਦਿਨਾਂ ਮਗਰੋਂ ਪਤਾ ਲੱਗਿਆ ਕਿ ਉਸ ਦੇ ਖਾਤੇ ਵਿੱਚੋਂ ਇੱਕ ਲੱਖ ਰੁਪਏ ਦੀ ਰਕਮ ਕਈ ਪੜਾਵਾਂ ਵਿੱਚ ਨਿਕਲੀ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਇਕਬਾਲ ਸਿੰਘ ਅਨੁਸਾਰ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਵਾਉਣ ਮਗਰੋਂ ਪਤਾ ਲੱਗਿਆ ਕਿ ਸੁਰਿੰਦਰ ਸਿੰਘ ਪੁੱਤਰ ਰਾਜ ਕੁਮਾਰ ਜ਼ਿਲਾ ਹਿਸਾਰ, ਜਗਸੀਰ ਸਿੰਘ, ਕਮਲਜੀਤ ਕੌਰ ਪਤਨੀ ਜਗਸੀਰ ਵਾਸੀਆ ਗੰਡਾਸਾ ਪਤੀ ਪਿੰਡ ਖੇੜੀ ਜ਼ਿਲ੍ਹਾ ਸੰਗਰੂਰ ਵੱਲੋਂ ਏਟੀਐੱਮ ਕਾਰਡ ਬਦਲ ਕੇ ਵੱਖ-ਵੱਖ ਥਾਵਾਂ ਤੋਂ ਰਕਮ ਕਢਵਾਈ ਗਈ ਹੈ। ਤਫ਼ਤੀਸ਼ ਚੱਲ ਰਹੀ ਹੈ।