ਭਗਤਾ ਭਾਈ: ਇਥੇ ਮਰਹੂਮ ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਦੀ ਯਾਦ ਵਿੱਚ ਸੰਤ ਲਾਲ ਮੁਨੀ ਜੀ ਸਮਾਜ ਸੇਵਾ ਸੁਸਾਇਟੀ ਰਾਜਗੜ੍ਹ ਵੱਲੋਂ ਬਲੱਡ ਡੋਨੇਸ਼ਨ ਕੌਂਸਲ ਰਾਮਪੁਰਾ ਫੂਲ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਰਾਜਗੜ੍ਹ ਵਿੱਚ ਖੂਨਦਾਨ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਨੌਜਵਾਨ ਆਗੂ ਰਾਜਵਿੰਦਰ ਸਿੰਘ ਰਾਜੂ (ਰਾਜਗੜ੍ਹ) ਨੇ ਕੀਤਾ। ਖੂਨਦਾਨੀਆਂ ਲਈ ਦੁੱਧ ਤੇ ਕੇਲਿਆਂ ਦੀ ਸੇਵਾ ਗੁਰਮੀਤ ਸਿੰਘ ਪੁਰਬਾ ਤੇ ਦੀਪਕ ਸ਼ਰਮਾ ਨੇ ਕੀਤੀ। ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ਰਾਜਗੜ੍ਹ ਨੇ ਦੱਸਿਆ ਕਿ ਬਲੱਡ ਬੈਂਕ ਬਰਨਾਲਾ ਵੱਲੋਂ ਡਾ. ਹਰਜਿੰਦਰ ਕੌਰ ਦੀ ਅਗਵਾਈ ’ਚ 26 ਯੂਨਿਟ ਖੂਨ ਇਕੱਤਰ ਕੀਤਾ ਗਿਆ। ਢਾਡੀ ਅਲਬੇਲਾ ਦੇ ਪਰਿਵਾਰ ਵੱਲੋਂ ਬਲੱਡ ਬੈਂਕ ਦੀ ਟੀਮ ਤੇ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਕੈਂਪ ਦੌਰਾਨ ਪਰਮਜੀਤ ਸਿੰਘ ਰਾਜਗੜ੍ਹ ਵੱਲੋਂ 31ਵੀਂ ਵਾਰ ਖੂਨਦਾਨ ਕੀਤਾ ਗਿਆ। -ਪੱਤਰ ਪ੍ਰੇਰਕ