ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਜੁਲਾਈ
ਇੱਥੇ ਡਾਕਟਰਾਂ ਨੇ ਤੀਜੇ ਦਿਨ ਸਮਾਨਾਂਤਰ ਓਪੀਡੀਜ਼ ਸੇਵਾਵਾਂ ਜਾਰੀ ਰੱਖੀਆਂ ਅਤੇ ਸਰਕਾਰੀ ਓਪੀਡੀਜ਼ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਇਸ ਮੌਕੇ ਪੀਸੀਐੱਮਐੱਸ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਡਾ. ਗਗਨਦੀਪ ਸਿੰਘ ਅਤੇ ਜਥੇਬੰਦਕ ਸਕੱਤਰ ਡਾ. ਇੰਦਰਬੀਰ ਸਿੰਘ ਗਿੱਲ ਨੇ ਕਿਹਾ ਕਿ ਮੈਡੀਕਲ ਅਤੇ ਵੈਟਰਨਰੀ ਡਾਕਟਰਾਂ ਵੱਲੋਂ ਪਿਛਲੇ ਤਿੰਨ ਦਿਨਾਂ ਦੌਰਾਨ ਸਮਾਨਾਂਤਰ ਓਪੀਡੀਜ਼ ਵਿੱਚ ਕ੍ਰਮਵਾਰ 43640 ਕੇਸ ਮੈਡੀਕਲ ਅਤੇ 15330 ਕੇਸ ਵੈਟਰਨਰੀ ਓਪੀਡੀਜ਼ ਵਿੱਚ ਦੇਖੇ ਗਏ ਹਨ। ਇਸ ਦੌਰਾਨ ਤਾਲਮੇਲ ਕਮੇਟੀ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਅਤੇ ਆਯੁਰਵੈਦਿਕ ਮੈਡੀਕਲ ਅਫਸਰ ਅਤੇ ਵੈਟਰਨਰੀ ਡਾਕਟਰਾਂ ਨੇ ਖੂਨ ਦਾਨ ਕੀਤਾ। ਉਨ੍ਹਾਂ ਕਿਹਾ ਕਿ ਐੱਨਪੀਏ ਦੇ ਅੰਦੋਲਨ ਦੌਰਾਨ ਲੋਕਾਂ ਦਾ ਸਰਕਾਰੀ ਹਸਪਤਾਲਾਂ ਪ੍ਰਤੀ ਭਾਰੀ ਗਿਣਤੀ ਵਿੱਚ ਰੁਝਾਨ ਇਹ ਦਰਸਾਉਂਦਾ ਹੈ ਕਿ ਲੋਕਾਂ ਨੂੰ ਇੱਕ ਮਜ਼ਬੂਤ ਜਨਤਕ ਸਿਹਤ ਸੰਭਾਲ ਪ੍ਰਣਾਲੀ ਦੀ ਜ਼ਰੂਰਤ ਹੈ ਅਤੇ ਲੋਕ ਜਨਤਕ ਸਿਹਤ ਸੰਭਾਲ ਪ੍ਰਣਾਲੀ ਨੂੰ ਹੋਰ ਪ੍ਰਭਾਵੀ ਦੇਖਣ ਲਈ ਆਸਵੰਦ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਸੋਮਵਾਰ ਤਕ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ ਸੋਮਵਾਰ ਸ਼ਾਮ ਨੂੰ ਤਾਲਮੇਲ ਕਮੇਟੀ ਵੱਲੋਂ ਮੀਟਿੰਗ ਕਰ ਕੇ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ।