ਬਲਜੀਤ ਸਿੰਘ
ਸਰਦੂਲਗੜ੍ਹ, 3 ਅਕਤੂਬਰ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਬਾਰਹਲੇ ਰਾਜਾਂ ਦਾ ਝੋਨਾ ਸੂਬੇ ਵਿੱਚ ਵਿਕਣ ਤੋਂ ਰੋਕਣ ਲਈ ਪੁਲੀਸ ਨੇ ਹੱਦਾਂ ’ਤੇ ਨਾਕੇਬੰਦੀ ਸ਼ੁਰੂ ਕਰ ਦਿੱਤੀ ਹੈ। ਸਬ-ਡਿਵੀਜ਼ਨ ਸਰਦੂਲਗੜ੍ਹ ਦੀ ਪੁਲੀਸ ਨੇ ਹਰਿਆਣਾ ਨਾਲ ਲਗਦੇ ਰਸਤਿਆਂ ’ਤੇ ਨਾਕੇਬੰਦੀ ਕਰ ਦਿੱਤੀ ਹੈ। ਸਰਦੂਲਗੜ੍ਹ ਦੇ ਤਿੰਨ ਪਾਸੇ ਹਰਿਆਣਾ ਦੀਆਂ ਮੰਡੀਆਂ ਲੱਗਦੀਆਂ ਹਨ, ਜਿਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਦੋਵਾਂ ਰਾਜਾਂ ਵਿੱਚ ਆੜ੍ਹਤ ਹੈ। ਜਿਸ ਕਾਰਨ ਬਾਰਡਰ ਦੇ ਕਿਸਾਨਾਂ ਨੂੰ ਇਸ ਫੈਸਲੇ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਆੜਤੀਆਂ ਨੂੰ ਵੀ ਕਾਫੀ ਦਿੱਕਤ ਆਵੇਗੀ। ਕਿਸਾਨ ਆਗੂ ਸਤਪਾਲ ਚੋਪੜਾ, ਜਰਮਲ ਸਿੰਘ ਝੰਡਾ ਖੁਰਦ ਦਾ ਕਹਿਣਾ ਹੈ ਕਿ ਪੰਜਾਬ ਦੇ ਪਿੰਡ ਝੰਡਾ ਖੁਰਦ, ਸੰਘਾ, ਆਹਲੂਪੁਰ, ਮਾਨਖੇੜਾ, ਲੁਹਾਰਖੇੜਾ ਅਤੇ ਲੋਹਗੜ੍ਹ ਆਦਿ ਪਿਡਾ ਦੀ ਆੜ੍ਹਤ ਹਰਿਆਣਾ ਦੀਆਂ ਮੰਡੀਆਂ ਵਿੱਚ ਹੈ ਅਤੇ ਹਰਿਆਣਾ ਦੇ ਪਿੰਡ ਮੱਤੜ, ਲਹਿੰਗੇਵਾਲਾ, ਰੰਗਾ ਅਤੇ ਰੋੜੀ ਆਦਿ ਪਿੰਡਾਂ ਦੀ ਆੜ੍ਹਤ ਪੰਜਾਬ ਦੀਆਂ ਮੰਡੀਆਂ ’ਚ ਹੈ। ਡੀਐੱਸਪੀ ਸਰਦੂਲਗੜ੍ਹ ਅਮਰਜੀਤ ਸਿੰਘ ਕਹਿਣਾ ਹੈ ਕਿ ਸਰਦੂਲਗੜ੍ਹ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 6 ਨਾਕੇ ਲਗਾਏ ਗਏ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਸਮੱਸਿਆ ਦਾ ਹੱਲ ਸੋਮਵਾਰ ਨੂੰ ਐੱਸਡੀਐੱਮ ਗੱਲਬਾਤ ਕਰਕੇ ਕੱਢਿਆ ਜਾਵੇਗਾ।