ਬਲਜੀਤ ਸਿੰਘ
ਸਰਦੂਲਗੜ੍ਹ, 3 ਅਕਤੂਬਰ
ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਬਾਰਹਲੇ ਰਾਜਾਂ ਦਾ ਝੋਨਾ ਸੂਬੇ ਵਿੱਚ ਵਿਕਣ ਤੋਂ ਰੋਕਣ ਲਈ ਪੁਲੀਸ ਨੇ ਹੱਦਾਂ ’ਤੇ ਨਾਕੇਬੰਦੀ ਸ਼ੁਰੂ ਕਰ ਦਿੱਤੀ ਹੈ। ਸਬ-ਡਿਵੀਜ਼ਨ ਸਰਦੂਲਗੜ੍ਹ ਦੀ ਪੁਲੀਸ ਨੇ ਹਰਿਆਣਾ ਨਾਲ ਲਗਦੇ ਰਸਤਿਆਂ ’ਤੇ ਨਾਕੇਬੰਦੀ ਕਰ ਦਿੱਤੀ ਹੈ। ਸਰਦੂਲਗੜ੍ਹ ਦੇ ਤਿੰਨ ਪਾਸੇ ਹਰਿਆਣਾ ਦੀਆਂ ਮੰਡੀਆਂ ਲੱਗਦੀਆਂ ਹਨ, ਜਿਸ ਕਾਰਨ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦੀ ਦੋਵਾਂ ਰਾਜਾਂ ਵਿੱਚ ਆੜ੍ਹਤ ਹੈ। ਜਿਸ ਕਾਰਨ ਬਾਰਡਰ ਦੇ ਕਿਸਾਨਾਂ ਨੂੰ ਇਸ ਫੈਸਲੇ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਇਸ ਤੋਂ ਇਲਾਵਾ ਆੜਤੀਆਂ ਨੂੰ ਵੀ ਕਾਫੀ ਦਿੱਕਤ ਆਵੇਗੀ। ਕਿਸਾਨ ਆਗੂ ਸਤਪਾਲ ਚੋਪੜਾ, ਜਰਮਲ ਸਿੰਘ ਝੰਡਾ ਖੁਰਦ ਦਾ ਕਹਿਣਾ ਹੈ ਕਿ ਪੰਜਾਬ ਦੇ ਪਿੰਡ ਝੰਡਾ ਖੁਰਦ, ਸੰਘਾ, ਆਹਲੂਪੁਰ, ਮਾਨਖੇੜਾ, ਲੁਹਾਰਖੇੜਾ ਅਤੇ ਲੋਹਗੜ੍ਹ ਆਦਿ ਪਿਡਾ ਦੀ ਆੜ੍ਹਤ ਹਰਿਆਣਾ ਦੀਆਂ ਮੰਡੀਆਂ ਵਿੱਚ ਹੈ ਅਤੇ ਹਰਿਆਣਾ ਦੇ ਪਿੰਡ ਮੱਤੜ, ਲਹਿੰਗੇਵਾਲਾ, ਰੰਗਾ ਅਤੇ ਰੋੜੀ ਆਦਿ ਪਿੰਡਾਂ ਦੀ ਆੜ੍ਹਤ ਪੰਜਾਬ ਦੀਆਂ ਮੰਡੀਆਂ ’ਚ ਹੈ। ਡੀਐੱਸਪੀ ਸਰਦੂਲਗੜ੍ਹ ਅਮਰਜੀਤ ਸਿੰਘ ਕਹਿਣਾ ਹੈ ਕਿ ਸਰਦੂਲਗੜ੍ਹ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 6 ਨਾਕੇ ਲਗਾਏ ਗਏ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਸਮੱਸਿਆ ਦਾ ਹੱਲ ਸੋਮਵਾਰ ਨੂੰ ਐੱਸਡੀਐੱਮ ਗੱਲਬਾਤ ਕਰਕੇ ਕੱਢਿਆ ਜਾਵੇਗਾ।
ਵੱਖ ਵੱਖ ਥਾਵਾਂ ’ਤੇ ਟੀਮਾਂ ਤਾਇਨਾਤ
ਮੋਗਾ (ਨਿੱਜੀ ਪੱਤਰ ਪ੍ਰੇਰਕ): ਸੂਬੇ ’ਚ ਇਸ ਵਾਰ ਗੈਰਕਾਨੂੰਨੀ ਝੋਨੇ ਦੀ ਵਿਕਰੀ ਰੋਕਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਪੱਬਾਂ ਭਾਰ ਹੈ। ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਗੈਰ-ਕਾਨੂੰਨੀ ਝੋਨੇ ਦੀ ਆਮਦ ਨੂੰ ਰੋਕਣ ਲਈ ਸਿਵਲ ਸਪਲਾਈਜ਼ ਵਿਭਾਗ ਤੇ ਪੁਲੀਸ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਜ਼ਿਲ੍ਹਾ ਮੰਡੀ ਅਫ਼ਸਰ ਨਾਲ ਗੁਰਦੀਪ ਸਿੰਘ, ਐਸਪੀ (ਐਚ) ਨੂੰ ਤਾਇਨਾਤ ਕੀਤਾ ਗਿਆ ਹੈ। ਜ਼ਿਲ੍ਹਾ ਮੋਗਾ ਵਿੱਚ ਪੈਂਦੀਆਂ 8 ਮਾਰਕੀਟ ਕਮੇਟੀਆਂ ਵਿੱਚ ਟੀਮਾਂ ਤਾਇਨਾਤ ਕੀਤੀਆਂ ਹਨ। ਟੀਮਾਂ ਦੁਆਰਾ ਜ਼ਿਲ੍ਹਾ ਮੋਗਾ ਦੀ ਹੱਦ ਅੰਦਰ ਦਾਖ਼ਲ ਹੋਣ ਵਾਲੇ ਟਰੱਕ ਅਤੇ ਹੋਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਹਰਲੀ ਸਟੇਟ ਤੋਂ ਗੈਰ ਕਾਨੂੰਨੀ ਤੌਰ ’ਤੇ ਝੋਨਾ ਲਿਆ ਕੇ ਵੇਚੇ ਜਾਣ ਦੀ ਸੂਚਨਾ ਹੈਲਪ ਲਾਈਨ ਨੰਬਰ 112 ’ਤੇ ਦਿੱਤੀ ਜਾ ਸਕਦੀ ਹੈ।