ਪੱਤਰ ਪ੍ਰੇਰਕ
ਭਾਈਰੂਪਾ, 24 ਜੁਲਾਈ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੱਦੇ ’ਤੇ ਅਧਿਆਪਕਾਂ ਦੀ ਬਲਾਕ ਪੱਧਰੀ ਵਿਸ਼ੇਸ਼ ਇਕੱਤਰਤਾ ਲੈਕ. ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਾਈਰੂਪਾ ਵਿੱਚ ਹੋਈ।ਇਸ ਮੀਟਿੰਗ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ 7 ਅਗਸਤ ਨੂੰ ਸੰਗਰੂਰ ਵਿੱਚ ਅਧਿਆਪਕਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਲੈਕ.ਅਮਰਿੰਦਰ ਸਿੰਘ ਨੇ ਦੱਸਿਆ ਕਿ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ਇਕਾਈ ਬਠਿੰਡਾ ਵੱਲੋਂ ਅਧਿਆਪਕਾਂ ਦੀਆਂ ਮੁੱਖ ਮੰਗਾਂ ਜਿਵੇਂ ਪੁਰਾਣੀ ਪੈਨਸ਼ਨ ਦੀ ਬਹਾਲੀ, ਛੇਵੇਂ ਤਨਖਾਹ ਕਮਿਸ਼ਨ ਦੀਆਂ ਅਧੂਰੀਆਂ ਸਿਫ਼ਾਰਸ਼ਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਵਾਉਣਾ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣਾ, ਸਰਕਾਰ ਵੱਲੋਂ ਕੱਟੇ ਭੱਤੇ ਬਹਾਲ ਕਰਵਾਉਣ ਆਦਿ ਬਾਰੇ ਭੇਜੇ ਗਏ ਲੀਫਲੈੱਟ ਨੂੰ ਅਧਿਆਪਕਾਂ ਨਾਲ ਸਾਂਝਾ ਕੀਤਾ ਗਿਆ। ਸਾਰੇ ਸਾਥੀਆਂ ਵੱਲੋਂ ਇਸ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਪ੍ਰਣ ਕੀਤਾ ਗਿਆ। ਇਸ ਮੌਕੇ ਲੈਕ ਸੁਖਵਿੰਦਰ ਸਿੰਘ, ਸੁਰਿੰਦਰ ਸਿੰਘ ਪੰਜਾਬੀ ਮਾਸਟਰ, ਸੁਖਦੀਪ ਸਿੰਘ ਸਾਇੰਸ ਮਾਸਟਰ ਹਾਜ਼ਰ ਸਨ।