ਮਹਿੰਦਰ ਸਿੰਘ ਰੱਤੀਆਂ
ਮੋਗਾ, 2 ਜਨਵਰੀ
ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ’ਚ ਆਮ ਆਦਮੀ ਪਾਰਟੀ ਨੇ ਸੂਬੇ ’ਚ ਸਰਗਰਮੀ ਵਧਾ ਦਿੱਤੀ ਹੈ। ਦਿੱਲੀ ਦੇ ਰਾਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ (ਆਪ) ਵਿਧਾਇਕ ਤੇ ਪਾਰਟੀ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅੱਜ ਸਾਡੇ ਦੇਸ਼ ਦਾ ਪੇਟ ਭਰਨ ਵਾਲਾ ਅੰਨਦਾਤਾ ਕੜਾਕੇ ਦੀ ਠੰਢ ’ਚ ਖੁੱਲ੍ਹੇ ਅਸਮਾਨ ਹੇਠ ਅੰਦੋਲਨ ਕਰ ਰਿਹਾ ਹੈ। ਰੋਜ਼ਾਨਾ ਦਿੱਲੀ ਦੀ ਸਰਹੱਦ ਤੋਂ ਸ਼ਹੀਦ ਕਿਸਾਨਾਂ ਦੀਆਂ ਲਾਸ਼ਾਂ ਆ ਰਹੀਆਂ ਹਨ। ਦੇਸ਼ ਦੇ ਅੰਨ੍ਹੇ ਬੋਲੇ ਹਾਕਮਾਂ ਨੂੰ ਨਾ ਤਾਂ ਕਿਸਾਨੀ ਦੀ ਆਵਾਜ਼ ਸੁਣਾਈ ਦਿੰਦੀ ਹੈ ਅਤੇ ਨਾ ਹੀ ਉਨ੍ਹਾਂ ਦਾ ਦਰਦ ਦਿਖਾਈ ਦੇ ਰਿਹਾ ਹੈ।
’ਆਪ’ ਆਗੂ ਨੇ ਪਿੰਡ ਭਿੰਡਰ ਕਲਾਂ ਵਿੱਚ ਦਿੱਲੀ ਬਾਰਡਰ ਉੱਤੇ ਸ਼ਹੀਦ ਹੋਏ ਮੱਖਣ ਖਾਨ(44) ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਤੇ 50 ਹਜ਼ਾਰ ਦੀ ਮਾਲੀ ਮੱਦਦ ਦਾ ਚੈੱਕ ਦਿੱਤਾ। ਉਨ੍ਹਾਂ ਅਡਾਨੀ ਅਨਾਜ ਭੰਡਾਰ ਅੱਗੇ ਧਰਨੇ ਉੱਤੇ ਬੈਠੇ ਕੁਰਬਾਨੀ ਦੇਣ ਵਾਲੇ 80 ਸਾਲਾ ਬਜ਼ੁਰਗ ਗੁਰਬਚਨ ਸਿੰਘ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਉਹ ਕਿਸੇ ਰਾਜਨੀਤਿਕ ਪਾਰਟੀ ਦੇ ਆਗੂ ਵਜੋਂ ਨਹੀਂ ਸਗੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨਾਲ ਕੇਜਰੀਵਾਲ ਦੀ ਸੋਚ ਉੱਤੇ ਚੱਲਦਿਆਂ ਇੱਕ ਸੇਵਾਦਾਰ ਵਜੋਂ ਦੁੱਖ ’ਚ ਸ਼ਰੀਕ ਹੋਣ ਲਈ ਆਏ ਹਨ। ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਪ੍ਰਿ. ਬੁੱਧਰਾਮ, ਪ੍ਰੋ. ਬਲਜਿੰਦਰ ਕੌਰ, ਗੁਰਮੀਤ ਸਿੰਘ ਮੀਤ ਹੇਅਰ, ਮਾਸਟਰ ਬਲਦੇਵ ਸਿੰਘ, ਮਨਜੀਤ ਸਿੰਘ ਬਿਲਾਸਪੁਰ (ਸਾਰੇ ਵਿਧਾਇਕ), ਹਰਚੰਦ ਸਿੰਘ ਬਰਸਟ ਤੇ ਹੋਰ ਆਗੂ ਵੀ ਸਨ। ਉਨ੍ਹਾਂ ਕਿਹਾ ਕਿ ਪੰਜਾਬ ’ਚ ‘ਆਪ’ ਆਪਣੇ ਬਲਬੂਤੇ ’ਤੇ 2022 ਦੀ ਚੋਣ ਲੜੇਗੀ ਅਤੇ ਜਿੱਤ ਹਾਸਲ ਕਰੇਗੀ।