ਜੋਗਿੰਦਰ ਸਿੰਘ ਮਾਨ
ਮਾਨਸਾ, 18 ਸਤੰਬਰ
ਮਾਲਵਾ ਪੱਟੀ ਵਿੱਚ ਬੀਟੀ ਕਾਟਨ ਉੱਤੇ ਹੁਣ ਝੁਲਸ ਰੋਗ ਦਾ ਹਮਲਾ ਹੋ ਗਿਆ ਹੈ। ਇਸ ਬਿਮਾਰੀ ਕਾਰਨ ਫ਼ਸਲ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਅਨੇਕਾਂ ਖੇਤ ਵਿਹਲੇ ਹੋਣੇ ਸ਼ੁਰੂ ਹੋ ਗਏ ਹਨ। ਖੇਤੀ ਮਹਿਕਮੇ ਨੇ ਮੰਨਿਆ ਹੈ ਕਿ ਕੁਝ ਥਾਵਾਂ ’ਤੇ ਨਰਮੇ ਦੇ ਬੂਟੇ ਸੁੱਕਣੇ ਸ਼ੁਰੂ ਹੋ ਗਏ ਹਨ। ਮਹਿਕਮੇ ਦਾ ਕਹਿਣਾ ਹੈ ਕਿ ਇਸ ਬਿਮਾਰੀ ਨੂੰ ਬੈਕਟੇਰੀਅਲ ਲੀਫ ਬਲਾਇਟ (ਪੱਤਿਆਂ ’ਤੇ ਧੱਬਿਆਂ ਦਾ ਰੋਗ) ਕਿਹਾ ਜਾਂਦਾ ਹੈ ਅਤੇ ਇਸ ਦਾ ਬਕਾਇਦਾ ਦਵਾਈਆਂ ਦੇ ਛਿੜਕਾਅ ਨਾਲ ਕਾਮਯਾਬ ਇਲਾਜ ਹੈ।
ਦੂਜੇ ਪਾਸੇ ਮਾਨਸਾ ਖੇਤਰ ਦੇ ਕਿਸਾਨ ਨਰਮੇ ਦੇ ਮੁੜ ਹਰੇ ਹੋਣ ਦੀ ਉਮੀਦ ਨੂੰ ਲੈ ਕੇ ਸਪਰੇਆਂ ਕਰਨ ਲੱਗੇ ਹਨ ਪਰ ਉਨ੍ਹਾਂ ਨੂੰ ਸਪਰੇਆਂ ਦੇ ਬਾਵਜੂਦ ਕੋਈ ਕਾਮਯਾਬੀ ਹਾਸਲ ਨਹੀਂ ਹੋਈ ਹੈ। ਨਰਮੇ ਦੀ ਫ਼ਸਲ ਨੂੰ ਇਹ ਬਿਮਾਰੀ ਉਸ ਸਮੇਂ ਪਈ ਜਦੋਂ ਬੂਟੇ ਟੀਂਡਿਆਂ ਅਤੇ ਫੁੱਲਾਂ ਨਾਲ ਲੱਦੇ ਹੋਏ ਸਨ ਅਤੇ ਫ਼ਸਲ ਪੱਕਣ ਵਾਲੇ ਪਾਸੇ ਵੱਧ ਰਹੀ ਸੀ।
ਇਲਾਕੇ ਦੇ ਖੇਤਾਂ ਵਿੱਚ ਜਾ ਕੇ ਦੇਖਿਆ ਹੈ ਕਿ ਝੁਲਸ ਰੋਗ ਦਾ ਸ਼ਿਕਾਰ ਹੋਈ ਨਰਮੇ ਦੀ ਫ਼ਸਲ ਸੁੱਕ ਗਈ ਹੈ। ਜਿਹੜੇ ਕਿਸਾਨਾਂ ਨੂੰ 30-35 ਮਣ ਨਰਮਾ ਨਿਕਲਣ ਦੀ ਉਮੀਦ ਸੀ, ਉਹ ਹੁਣ ਤੀਜੇ ਹਿੱਸੇ ਤੋਂ ਵੀ ਥੱਲੇ ਜਾ ਡਿੱਗੇ ਹਨ। ਕਿਸਾਨਾਂ ਨੇ ਪੱਤਰਕਾਰਾਂ ਨੂੰ ਵਿਖਾਇਆ ਕਿ ਜੋ ਬੂਟਾ ਚਾਰ-ਦਿਨ ਪਹਿਲਾਂ ਹਰਾ ਕੱਚ ਖੜ੍ਹਾ ਸੀ, ਉਸ ਦੇ ਸਾਰੇ ਪੱਤੇ ਅੱਜ ਭੁੰਜੇ ਡਿੱਗ ਪਏ ਹਨ ਅਤੇ ਬੂਟਾ ਪੂਰੀ ਤਰ੍ਹਾਂ ਸੁੱਕ ਗਿਆ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹੁਣੇ ਹੀ ਟੀਂਡਿਆਂ ਵਿਚਲੇ ਵੜੇਂਵਿਆਂ ਨੇ ਜ਼ੋਰ ਨਾਲ ਨਿੱਗਰ ਤੇ ਠੋਸ ਹੋਣਾ ਸੀ ਪਰ ਬੂਟੇ ਦੇ ਸੁੱਕਣ ਕਾਰਨ ਥੱਲੋਂ ਖੁਰਾਕ ਮਿਲਣੀ ਬੰਦ ਹੋਣ ਕਾਰਨ ਫਸਲ ਦੇ ਝਾੜ ਨੂੰ ਭਾਰੀ ਧੱਕਾ ਲੱਗਿਆ ਹੈ।
ਨਰਮਾ ਉਤਪਾਦਕਾਂ ’ਤੇ ਪਈ ਇਸ ਮਾਰ ਸਬੰਧੀ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਕਿਸਾਨਾਂ ਉੱਤੇ ਕੋਈ ਬਿਪਤਾ ਆਉਂਦੀ ਹੈ ਤਾਂ ਹਰ ਵਾਰ ਖੇਤੀ ਵਿਭਾਗ ਕਿਸਾਨਾਂ ਨੂੰ ਕਸੂਰਵਾਰ ਕਹਿਕੇ ਖਹਿੜਾ ਛੁਡਾ ਜਾਂਦਾ ਹੈ ਜਦੋਂਕਿ ਅਸਲੀਅਤ ਇਹ ਹੈ ਕਿ ਖੇਤੀ ਵਿਭਾਗ ਤੰਦਰੁਸਤ ਫਸਲ ਨੂੰ ਅੱਗੇ ਚਿੰਬੜਨ ਵਾਲੀਆਂ ਬਿਮਾਰੀਆਂ ਤੋਂ ਬਿਲਕੁਲ ਸੁਚੇਤ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਵਿਭਾਗ ਕਿਸਾਨਾਂ ਦੇ ਖੇਤਾਂ ਵਿਚ ਜਾਣ ਦੀ ਲੋੜ ਨਹੀਂ ਸਮਝਦਾ। ਇਸੇ ਦੌਰਾਨ ਪਤਾ ਲੱਗਿਆ ਹੈ ਕਿ ਖੇਤੀ ਵਿਭਾਗ ਨੇ ਪਿੰਡਾਂ ਵਿੱਚ ਜਾ ਕੇ ਇਸ ਰੋਗ ਦਾ ਸ਼ਿਕਾਰ ਹੋਏ ਨਰਮੇ ਦੇ ਵੇਰਵੇ ਇਕੱਤਰ ਕਰਨੇ ਸ਼ੁਰੂ ਕਰ ਦਿੱਤੇ ਹਨ। ਫਿਲਹਾਲ ਉਨ੍ਹਾਂ ਪਾਸ ਕੋਲ ਪੂਰੇ ਵੇਰਵੇ ਨਹੀਂ ਹਨ। ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਮੰਨਿਆ ਕਿ ਕੁੱਝ ਕੁ ਥਾਵਾਂ ’ਤੇ ਨਰਮੇ ਦੇ ਬੂਟੇ ਸੁੱਕਣ ਲੱਗੇ ਹਨ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਰੋਗ ਕੇਵਲ ਗੈਰਮਾਨਤਾ ਪ੍ਰਾਪਤ ਕਿਸਮਾਂ ਨੂੰ ਪਿਆ ਹੈ ਜੋ ਕਿਸਾਨਾਂ ਨੂੰ ਕਹਿਣ ਦੇ ਬਾਵਜੂਦ ਉਨ੍ਹਾਂ ਨੇ ਬੀਜ ਰੱਖੀਆਂ ਹਨ।
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਇਸ ਰੋਗ ਕਾਰਨ ਖੇਤਾਂ ਵਿੱਚ ਨਰਮਾ ਸੁੱਕਣ ਕਾਰਨ ਦੋਗੀਆਂ ਪੈਣ ਲੱਗੀਆਂ ਹਨ ਅਤੇ ਸੁੱਕੇ ਬੂਟਿਆਂ ਨੂੰ ਵੇਖ ਕੇ ਕਿਸਾਨ ਭੈਅਭੀਤ ਹੋਣ ਲੱਗੇ ਹਨ। ਉਨ੍ਹਾਂ ਕਿਹਾ ਕਿ ਇਸ ਰੋਗ ਤੋਂ ਬਚਾਅ ਲਈ ਖੇਤੀ ਵਿਭਾਗ ਨੂੰ ਦਵਾਈਆਂ ਸਸਤੀਆਂ ਦਰਾਂ ’ਤੇ ਮੁਹੱਈਆ ਕਰਵਾਉਣ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਨਰਮੇ ਦੀ ਫਸਲ ਉੱਤੇ ਪਹਿਲਾਂ ਵੀ ਕਈ ਵਾਰ ਝੁਲਸ ਰੋਗ ਦਾ ਹਮਲਾ ਹੋ ਚੁੱਕਾ ਹੈ ਤੇ ਆਰਥਿਕ ਨੁਕਸਾਨ ਦੇ ਖਦਸ਼ੇ ਕਾਰਨ ਕਾਸ਼ਤਕਾਰਾਂ ਦੇ ਸਾਹ ਸੂਤੇ ਜਾਦੇ ਹਨ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਝੁਲਸ ਰੋਗ ਦਾ ਪੱਕਾ ਇਲਾਜ ਕੀਤਾ ਜਾਵੇ ਤਾਂ ਕਿ ਨਰਮੇ ਦੀ ਫਸਲ ਨੂੰ ਇਸ ਬਿਮਾਰੀ ਤੋਂ ਬਚਾਇਆ ਜਾ ਸਕੇ ਤੇ ਕਿਸਾਨਾਂ ਦਾ ਆਰਥਿਕ ਨੁਕਸਾਨ ਵੀ ਨਾ ਹੋਵੇ।
ਪੋਟਾਸ਼ੀਅਮ ਨਾਈਟ੍ਰੇਟ ਨੂੰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰਨ ਦੀ ਹਦਾਇਤ
ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਅਫ਼ਸਰ ਡਾ. ਮਨੋਜ ਕੁਮਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਖੇਤਾਂ ਵਿਚ ਸੋਕੜਾ ਪਿਆ ਹੈ ਜਿਥੇ ਪੌਦਿਆਂ ਨੂੰ ਇਸ ਤੋਂ ਪਹਿਲਾਂ ਪੂਰੀ ਖੁਰਾਕ ਨਹੀਂ ਮਿਲੀ ਸੀ। ਉਨ੍ਹਾਂ ਕਿਹਾ ਕਿ ਝੁਲਸ ਰੋਗ ਨਾਲ ਪਹਿਲਾਂ ਪੱਤੇ ਲਾਲ ਹੁੰਦੇ ਹਨ ਅਤੇ ਪਿੱਛੋਂ ਸੁੱਕ ਕੇ ਥੱਲੇ ਡਿੱਗਣ ਲੱਗ ਪੈਂਦੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਪੋਟਾਸ਼ੀਅਮ ਨਾਈਟ੍ਰੇਟ 2 ਕਿਲੋ ਪ੍ਰਤੀ ਏਕੜ ਦੀਆਂ ਹਫ਼ਤੇ-ਹਫ਼ਤੇ ਦੀ ਵਿੱਥੀ ਨਾਲ ਲਗਾਤਾਰ ਤਿੰਨ ਸਪਰੇਆਂ 200 ਮਿਲੀਲੀਟਰ ਪਾਣੀ ਨਾਲ ਮਿਲਾ ਕੇ ਛਿੜਕਾਅ ਕਰਨ। ਇਸ ਨਾਲ ਕੁਝ ਹੀ ਦਿਨਾਂ ਵਿਚ ਨਰਮੇ ਨੇ ਖੁੱਲ੍ਹ ਜਾਣਾ ਹੈ ਅਤੇ ਨਵੇਂ ਪੱਤੇ ਕੱਢਣੇ ਆਰੰਭ ਹੋ ਜਾਣੇ ਹਨ।
ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ: ਖੇਤੀ ਮਾਹਿਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਦਫ਼ਤਰ ਦੇ ਵਿਗਿਆਨੀ ਗੁਰਜੀਤ ਸਿੰਘ ਰੁਮਾਨਾ ਨੇ ਦੱਸਿਆ ਕਿ ਹਰ ਸਾਲ ਨਰਮੇ ਦੀ ਫਸਲ ’ਤੇ ਝੁਲਸ ਰੋਗ ਦਾ ਹਮਲਾ ਹੁੰਦਾ ਹੈ ਤੇ ਖੇਤੀਬਾੜੀ ਯੂਨੀਵਰਸਿਟੀ ਵੱਲੋ ਕਿਸਾਨਾਂ ਨੂੰ ਸਿਫਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਰ੍ਹੇ ਵੀ ਕਿਸਾਨਾਂ ਨੂੰ ਝੁਲਸ ਰੋਗ ਤੋਂ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ ਹੈ ਤੇ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕਰ ਕੇ ਇਸ ਝੁਲਸ ਰੋਗ ਦਾ ਉਪਾਅ ਕੀਤਾ ਜਾ ਸਕਦਾ ਹੈ।