ਜਸਵੰਤ ਜੱਸ
ਫ਼ਰੀਦਕੋਟ, 10 ਅਪਰੈਲ
ਬੇਅਦਬੀ ਅਤੇ ਬਹਬਿਲ ਗੋਲੀ ਕਾਂਡ ਵਿੱਚ ਨਾਮਜ਼ਦ ਹੋਏ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨੂੰ ਜਲਦ ਨਿਪਟਾਉਣ ਲਈ ਪੰਜਾਬ ਸਰਕਾਰ ਵੱਲੋਂ ਕਾਇਮ ਕੀਤੀ ਕਾਨੂੰਨੀ ਮਾਹਰਾਂ ਦੀ ਟੀਮ ਅੱਜ ਇੱਥੇ ਬਹਬਿਲ ਕਲਾਂ ਵਿੱਚ ਪੁੱਜੀ ਅਤੇ ਉਸ ਨੇ ਧਰਨੇ ’ਤੇ ਬੈਠੇ ਪੀੜਤ ਪਰਿਵਾਰਾਂ ਅਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਟੀਮ ਨੇ ਕਿਹਾ ਕਿ ਤਿੰਨ ਮਹੀਨਿਆਂ ਵਿਚ ਪੰਜਾਬ ਸਰਕਾਰ ਕਾਨੂੰਨੀ ਕਾਰਵਾਈ ਮੁਕੰਮਲ ਕਰਨ ਦੀ ਕੋਸ਼ਿਸ਼ ਕਰੇਗੀ। ਐਡਵੋਕੇਟ ਜਨਰਲ ਪੰਜਾਬ ਦੇ ਦਫ਼ਤਰ ਵੱਲੋਂ ਭੇਜੀ ਟੀਮ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਬਹਬਿਲ ਗੋਲੀਕਾਂਡ ਅਤੇ ਬੇਅਦਬੀ ਕਾਂਡ ਸਬੰਧੀ ਪਈਆਂ ਰਿੱਟਾਂ ਦਾ ਪਹਿਲ ਦੇ ਆਧਾਰ ’ਤੇ ਫ਼ੈਸਲਾ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਮਾਮਲਿਆਂ ਦੀ ਸੁਣਵਾਈ ਲਟਕਣ ਕਾਰਨ ਨਿਰਾਸ਼ ਪੀੜਤ ਪਰਿਵਾਰ ਨੇ ਛੇ ਅਪਰੈਲ ਨੂੰ ਬਠਿੰਡਾ ਅੰਮ੍ਰਿਤਸਰ ਹਾਈਵੇਅ ਜਾਮ ਕਰ ਦਿੱਤਾ ਸੀ। ਜਾਮ ਖੁੱਲ੍ਹਵਾਉਣ ਲਈ ਪੰਜਾਬ ਸਰਕਾਰ ਦੀ ਟੀਮ ਨੇ ਅੰਦੋਲਨਕਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਅਗਲੇ ਤਿੰਨ ਦਿਨਾਂ ਵਿੱਚ ਕੇਸਾਂ ਦੇ ਨਿਪਟਾਰੇ ਲਈ ਰਣਨੀਤੀ ਤਿਆਰ ਕੀਤੀ ਜਾਵੇਗੀ ਅਤੇ ਅੱਜ ਇਹ ਟੀਮ ਆਪਣੀ ਰਣਨੀਤੀ ਤਿਆਰ ਕਰਕੇ ਅੰਦੋਲਨਕਾਰੀਆਂ ਕੋਲ ਪੁੱਜੀ।