ਭਗਤਾ ਭਾਈ: ਪੰਥਕ ਜਥੇਬੰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 14 ਅਕਤੂਬਰ ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਕੋਟਕਪੂਰਾ ਚੌਕ ਤੱਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਪੰਥਕ ਜਥੇਬੰਦੀਆਂ ਦੀ ਮੀਟਿੰਗ ਗੁਰਦੁਆਰਾ ਜ਼ਫ਼ਰਨਾਮਾ ਸਾਹਿਬ ਦਿਆਲਪੁਰਾ ਭਾਈਕਾ ਵਿੱਚ ਹੋਈ। ਇਸ ਵਿਚ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ, ਸ਼੍ਰੋਮਣੀ ਅਕਾਲੀ ਦਲ ਕਿਰਤੀ ਦੇ ਕਨਵੀਨਰ ਜਥੇਦਾਰ ਬੂਟਾ ਸਿੰਘ ਰਣਸੀਂਹ ਤੋਂ ਇਲਾਵਾ ਯੂਨਾਇਟਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਰਬਾਰ-ਏ-ਖਾਲਸਾ, ਗ੍ਰੰਥੀ ਸਭਾ, ਫੈਡਰੇਸ਼ਨ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਸਿੱਖ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਰੋਸ ਮਾਰਚ ਕਰਕੇ ਕੋਟਕਪੂਰਾ ਚੌਕ ਵਿੱਚ ਜਾ ਕੇ ਇਹ ਦੱਸਿਆ ਜਾਵੇਗਾ ਕਿ ਪਹਿਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਵੀ ਇਸ ਸਬੰਧ ਵਿੱਚ ਕੁਝ ਨਹੀਂ ਕਰ ਰਹੀ। -ਪੱਤਰ ਪ੍ਰੇਰਕ