ਐਨ.ਪੀ.ਸਿੰਘ
ਬੁਢਲਾਡਾ, 11 ਮਾਰਚ
ਰਿਲਾਇੰਸ ਪੈਟਰੋਲ ਪੰਪ ਬੁਢਲਾਡਾ ਵਿਚਲੇ ਰਾਤ ਦਿਨ ਦੇ ਕਿਸਾਨੀ ਧਰਨੇ ਨੂੰ ਸੰਬੋਧਨ ਦੌਰਾਨ ਪੰਜਾਬ ਕਿਸਾਨ ਯੁਨੀਅਨ ਦੇ ਜ਼ਿਲ੍ਹਾ ਆਗੂ ਸਵਰਨ ਸਿੰਘ ਬੋੜਾਵਾਲ, ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਐਡਵੋਕੇਟ ਬਲਕਰਨ ਬੱਲੀ ਨੇ ਕਿਹਾ ਕਿ ਹੁਕਮਰਾਨਾਂ ਨੇ ਖੇਤੀ ਤੇ ਕਿਸਾਨੀ ਦੇ ਹੱਕ ਵਿੱਚ ਕਾਨੂੰਨ ਨਹੀਂ ਬਣਾਏ ਗਏ। ਬਲਕਿ ਖੇਤੀ ਤੇ ਕਿਸਾਨੀ ਨੂੰ ਖਤਮ ਕਰਨ ਲਈ ਕਾਲੇ ਖੇਤੀ ਕਾਨੂੰਨ ਬਣਾ ਦਿੱਤੇ ਗਏ ਹਨ। ਜਦੋਂਕਿ ਕਿਸਾਨੀ ਅਰਥਚਾਰੇ ਦਾ ਮੁੱਖ ਆਧਾਰ ਹੀ ਖੇਤੀ ’ਤੇ ਟਿਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸੰਯੁਕਤ ਮੋਰਚੇ ਦਾ ਕਿਸਾਨੀ ਘੋਲ, ਇਕੱਲੇ ਕਿਸਾਨਾਂ ਦਾ ਨਹੀਂ ਰਿਹਾ ਸਗੋਂ ਜਨ ਅੰਦੋਲਨ ਬਣ ਗਿਆ ਹੈ। ਜਿਸ ਦਾ ਧੁਰਾ ਦੇਸ਼ ਦੀਆਂ ਔਰਤਾਂ ਦੇ ਹੱਥਾਂ ਵਿੱਚ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹੁਣ ਕਿੰਨੀ ਵੀ ਲੰਬੀ ਲੜਾਈ ਲੜਨੀ ਪੈ ਜਾਵੇ, ਲੜਾਂਗੇ ਤੇ ਹਰ ਹੀਲੇ ਜਿੱਤਾਂਗੇ। ਕਾਮਰੇਡ ਭੁਪਿੰਦਰ ਗੁਰਨੇ, ਹਰਿੰਦਰ ਸਿੰਘ ਸੋਢੀ, ਸੁਖਦੇਵ ਬੋੜਾਵਾਲ, ਹਰਦਿਆਲ ਸਿੰਘ ਦਾਤੇਵਾਸ, ਨੰਬਰਦਾਰ ਜਰਨੈਲ ਸਿੰਘ ਨੇ ਕਿਹਾ ਕਿ ਭਾਰਤ ਦਾ ਇਹ ਕਿਸਾਨੀ ਘੋਲ ਪੂਰੀ ਦੁਨੀਆ ਨੂੰ ਨਵਾਂ ਰਾਹ ਦਿਖਾਏਗਾ।
ਬਰਨਾਲਾ (ਪਰਸ਼ੋਤਮ ਬੱਲੀ) ਤੀਹ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ’ਤੇ ਲੱਗੇ ਧਰਨੇ ਦੇ 162ਵੇਂ ਦਿਨ ਅੱਜ ਸਟੇਜ ਕਿਸਾਨ ਆਗੂ ਸਵਾਮੀ ਸਰਸਵਤੀ ਸਹਿਜਾਨੰਦ ਨੂੰ ਸਮਰਪਿਤ ਕੀਤੀ ਗਈ| ਅੱਜ ਉਨ੍ਹਾਂ ਦਾ ਜਨਮ ਦਿਵਸ ਹੈ| ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਗੁੁਰਮੇਲ ਸਿੰਘ ਸ਼ਰਮਾ, ਗੁੁਰਦੇਵ ਮਾਂਗੇਵਾਲ, ਗੁੁਲਾਬ ਸਿੰਘ ਗਿੱਲ, ਮੇਲਾ ਸਿੰਘ ਕੱਟੂ, ਨਛੱਤਰ ਸਿੰਘ ਸਾਹੌਰ, ਉਜਾਗਰ ਸਿੰਘ ਬੀਹਲਾ, ਬਿੱਕਰ ਸਿੰਘ ਔਲਖ, ਕਾਕਾ ਸਿੰਘ ਫਰਵਾਹੀ, ਜਰਨੈਲ ਸਿੰਘ ਹੰਢਿਆਇਆ, ਅਮਰਜੀਤ ਕੌਰ ਤੇ ਪ੍ਰੇਮਪਾਲ ਕੌਰ, ਸੁੁਦਾਗਰ ਸਿੰਘ ਉਪਲੀ ਨੇ ਸੰਬੋਧਨ ਕੀਤਾ| ਬੁੁਲਾਰਿਆਂ ਸਵਾਮੀ ਸਹਿਜਾਨੰਦ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਉਤਰ ਪ੍ਰਦੇਸ਼ ਦੇ ਗਾਜ਼ੀਪੁੁਰ ਜ਼ਿਲ੍ਹੇ ’ਚ 1889 ਵਿੱਚ ਜਨਮੇ ਸਹਿਜਾਨੰਦ ਨੇ 1936 ਵਿੱਚ ਵੱਖ-ਵੱਖ ਕਿਸਾਨ ਸੰਗਠਨਾਂ ਨੂੰ ਇੱਕ ਪਲੇਟਫਾਰਮ ’ਤੇ ਇਕੱਠੇ ਕਰਕੇ ਕੁੱਲ ਹਿੰਦ ਕਿਸਾਨ ਸਭਾ ਬਣਾਈ ਤੇ ਪਹਿਲੀ ਵਾਰ ਕਿਸਾਨਾਂ ਨੂੰ ਇਕ ਪ੍ਰਭਾਵਸ਼ਾਲੀ ਤਾਕਤ ਵਜੋਂ ਜਥੇਬੰਦ ਕੀਤਾ| ਉਨ੍ਹਾਂ ਤੋਂ ਅਜੋਕੇ ਸਮੇਂ ਵੀ ਪ੍ਰੇਰਣਾ ਹਾਸਲ ਕਰਦੇ ਹੋਏ ਕਿਸਾਨੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ| ਆਗੂਆਂ ਨੇ ਕਿਹਾ ਕਿ ਮਜ਼ਬੂਤ ਲਾਮਬੰਦੀ ਹਿੱਤ 12 ਮਾਰਚ ਨੂੰ ਬੰਗਾਲ ਵਿੱਚ ਹੋ ਰਹੀ ਵੱਡੀ ਕਿਸਾਨ ਰੈਲੀ ’ਚ ਸ਼ਿਰਕਤ ਕਰਨ ਲਈ ਪੰਜਾਬ ਦੇ ਕਿਸਾਨ ਆਗੂ ਮਨਜੀਤ ਧਨੇਰ, ਰਾਮਿੰਦਰ ਪਟਿਆਲਾ ਤੇ ਅਵਤਾਰ ਮਹਿਮਾ ਸਮੇਤ ਕਈ ਹੋਰ ਆਗੂ ਕੋਲਕਾਤਾ ਪਹੁੰਚ ਚੁੱਕੇ ਹਨ| ਇਸੇ ਤਰ੍ਹਾਂ ਸੰਯੁੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ’ਤੇ ਚੱਲ ਰਿਹਾ ਘਿਰਾਓ ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ, ਮੱਘਰ ਸਿੰਘ ਦੀ ਅਗਵਾਈ ਹੇਠ ਜਾਰੀ ਰਿਹਾ।
ਭਾਜਪਾ ਖ਼ਿਲਾਫ਼ ਪਿੰਡਾਂ ਵਿੱਚ ਫਲੈਕਸ ਯੁੱਧ ਸ਼ੁਰੂ
ਬੱਲੂਆਣਾ (ਅਬੋਹਰ) (ਰਾਜਿੰਦਰ ਕੁਮਾਰ) ਕੇਂਦਰ ਸਰਕਾਰ ਵੱਲੋਂ ਅਮਲ ਵਿੱਚ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਹੁਣ ਪਿੰਡ ਪੱਧਰ ਤੇ ਲੋਕਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਪਿੰਡ ਵਾਸੀਆਂ ਵੱਲੋਂ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਪੱਧਰ ਤੇ ਸ਼ੁਰੂ ਕੀਤੇ ਪ੍ਰਚਾਰ ਤਹਿਤ ਪਿੰਡਾਂ ਵਿੱਚ ਸਮੂਹਿਕ ਵੱਡੀਆਂ ਫਲੈਕਸਾਂ ਲਾ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਪਿੰਡਾਂ ਵਿਚ ਵੜਨ ਤੋਂ ਵਰਜਿਆ ਗਿਆ ਹੈ। ਅਬੋਹਰ ਸਬ ਡਿਵੀਜ਼ਨ ਦੇ ਪਿੰਡ ਪੰਜਾਵਾ ਮਾਡਲ ਵਿੱਚ ਅਜਿਹਾ ਇੱਕ ਵੱਡਾ ਸਾਰਾ ਫਲੈਕਸ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਲਵਾਏ ਗਏ ਇਸ ਫਲੈਕਸ ਵਿੱਚ ਭਾਜਪਾ ਲੀਡਰਸ਼ਿਪ ਨੂੰ ਵਾਰਨਿੰਗ ਦਿੱਤੀ ਗਈ ਹੈ ਕਿ ਉਹ ਪਿੰਡ ਵਿੱਚ ਪ੍ਰਵੇਸ਼ ਨਾ ਕਰਨ ਜੇ ਕੋਈ ਆਗੂ ਇਸ ਚਿਤਾਵਨੀ ਦੇ ਬਾਵਜੂਦ ਪਿੰਡ ਵਿੱਚ ਆਪਣੀ ਗੱਡੀ ’ਤੇ ਸਵਾਰ ਹੋ ਕੇ ਆ ਵੀ ਗਿਆ ਤਾਂ ਵਾਪਸ ਪੈਦਲ ਹੀ ਜਾਵੇਗਾ। ਪਿੰਡ ਵਾਸੀਆਂ ਅਨੁਸਾਰ ਅਜਿਹੇ ਫਲੈਕਸ ਨਾਲ ਲੱਗਦੇ ਸਾਰੇ ਪਿੰਡਾਂ ਵਿੱਚ ਲਗਾਉਣ ਲਈ ਪੇਂਡੂ ਭਾਈਚਾਰੇ ਵੱਲੋਂ ਆਪਣੇ ਪੱਧਰ ਤੇ ਤਾਲਮੇਲ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਪਿੰਡਾਂ ਵਿੱਚ ਵੜਨ ਦੇ ਕਾਬਲ ਹੀ ਨਹੀਂ ਛੱਡਿਆ ਜਾਵੇਗਾ।