ਟੋਨੀ ਛਾਬੜਾ
ਜਲਾਲਾਬਾਦ, 26 ਅਪਰੈਲ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੀ ਬ੍ਰਾਂਚ ਜਲਾਲਾਬਾਦ ਵੱਲੋਂ ਪਿੰਡ ਢੰਡੀ ਕਦੀਮ ਵਿਚ ਵਾਟਰ ਸਪਲਾਈ ਸਕੀਮ ਦਾ ਪੰਚਾਇਤੀਕਰਨ ਦੇ ਨਾਂ ਹੇਠ ਨਿੱਜੀਕਰਨ ਕਰਨ ਲਈ ਸਰਪੰਚ ਕੋਲ ਮਤਾ ਪੁਆਉਣ ਆਏ ਵਿਸ਼ਵ ਬੈਂਕ ਦੇ ਬੀ.ਆਰ.ਸੀ. ਕਰਮਚਾਰੀਆਂ ਨੂੰ ਕਾਲੀ ਝੰਡੀਆਂ ਦਿਖਾ ਕੇ ਵਿਰੋਧ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ।
ਜਿਵੇਂ ਹੀ ਜਥੇਬੰਦੀ ਦੇ ਵਰਕਰਾਂ ਨੂੰ ਪਤਾ ਚੱਲਿਆ ਤਾਂ ਬ੍ਰਾਂਚ ਪ੍ਰਧਾਨ ਗੁਰਮੀਤ ਆਲਮਕੇ, ਜ਼ਿਲ੍ਹਾ ਜਨਰਲ ਸਕੱਤਰ ਸੁਖਚੈਨ ਸੋਢੀ, ਸਤਪਾਲ ਕੋਟੂਵਾਲਾ, ਸ਼ੋਕ ਸਿੰਘ, ਅਮਰਜੀਤ ਸਿੰਘ, ਹਰਨੇਕ ਸਿੰਘ, ਨਾਨਕ ਸਿੰਘ ਆਦਿ ਵਰਕਰ ਪਿੰਡ ਢੰਡੀ ਕਦੀਮ ਪੁੱਜ ਗਏ। ਇਸ ਮੌਕੇ ਵਿਸ਼ਵ ਬੈਂਕ ਦੇ ਕਰਮਚਾਰੀਆਂ ਦਾ ਕਾਲੀ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਪਿੰਡ ਦੇ ਸਰਪੰਚ ਨਾਲ ਤਾਲਮੇਲ ਕਰ ਕੇ ਅਫ਼ਸਰਸ਼ਾਹੀ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਲਾਮਬੰਦ ਕੀਤਾ ਗਿਆ।
ਇਸ ਤੋਂ ਬਾਅਦ ਜਥੇਬੰਦੀ ਵਲੋਂ ਮਹਿਕਮੇ ਦੇ ਸਥਾਨਕ ਦਫ਼ਤਰ ਗੁੰਮਾਨੀਵਾਲਾ ਵਿਚ ਇਕੱਠ ਕਰ ਕੇ ਐਕਸੀਅਨ, ਐਸਡੀਓ ਅਤੇ ਜੇਈਆਈਜ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਚੇਤਾਵਨੀ ਦਿੱਤੀ ਗਈ ਕਿ ਜੇ ਵਾਟਰ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ ਦੇ ਨਾਂਅ ਹੇਠ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਵਿਰੋਧ ’ਚ ਵਰਕਰ ਆਪਣੇ ਪਰਿਵਾਰਾਂ ਨਾਲ ਸੰਘਰਸ਼ ਕਰਨਗੇ। ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਅਫ਼ਸਰਸ਼ਾਹੀ ਵੱਲੋਂ ਵਾਟਰ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ/ ਨਿੱਜੀਕਰਨ ਕਰਨ ਦੀਆਂ ਲੋਕ ਮਾਰੂ ਨੀਤੀਆਂ ਲਾਗੂ ਕਰਵਾਉਣ ਦੀਆਂ ਕੋਸ਼ਿਸ਼ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਵਿਤ ਕਮਿਸ਼ਨ ਤਹਿਤ ਗ੍ਰਾਂਟ ਜੋ ਪਿੰਡਾਂ ’ਚ ਹਰ ਸਾਲ ਮਿਲਦੀ ਹੈ, ਇਹ ਲੋਕਾਂ ਦਾ ਹੀ ਪੈਸਾ ਹੁੰਦਾ ਹੈ ਜਿਸ ਨੂੰ ਕੋਈ ਵੀ ਨਹੀਂ ਰੋਕ ਸਕਦਾ।