ਪਰਸ਼ੋਤਮ ਬੱਲੀ
ਬਰਨਾਲਾ, 24 ਮਈ
ਸੰਯੁਕਤ ਕਿਸਾਨ ਮੋਰਚਾ ਵੱਲੋਂ ਸੰਘਰਸ਼ ਨੂੰ ਪੜਾਅਵਾਰ ਅੱਗੇ ਵਧਾਉੁਂਦਿਆਂ 26 ਮਈ ਨੂੰ ਪੂਰੇ ਮੁਲਕ ਅੰਦਰ ਕਾਲਾ ਦਿਵਸ ਵਜੋਂ ਮਨਾਉਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਚੱਲ ਰਹੀਆਂ ਹਨ।
ਬੀਕੇਯੂ ਏਕਤਾ ਡਕੌਂਦਾ ਦੇ ਸੂਬਾਈ ਔਰਤ ਆਗੂ ਅਮਰਜੀਤ ਕੌਰ, ਜਸਵਿੰਦਰ ਕੌਰ, ਕੇਵਲਜੀਤ ਕੌਰ, ਨੀਲਮ ਰਾਣੀ, ਸੁਖਪਾਲ ਕੌਰ, ਮਨਜੀਤ ਕੌਰ, ਜਸਪਾਲ ਕੌਰ, ਬਲਵੀਰ ਕੌਰ ਤੇ ਪਰਮਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਬੀਕੇਯੂ ਏਕਤਾ ਡਕੌਂਦਾ ਦੀਆਂ ਮਹਿਲਾ ਵਰਕਰਾਂ ਦੀਆਂ ਟੀਮਾਂ ਇਸ ਮੁਹਿੰਮ ਨੂੰ ਸਫਲ ਬਨਾਉਣ ਵਿੱਚ ਜੁਟੀਆਂ ਹੋਈਆਂ ਹਨ। ਹਜ਼ਾਰਾਂ ਮੀਟਰ ਕਾਲੇ ਕੱਪੜੇ ਦਾ ਪ੍ਰਬੰਧ ਕਰ ਲਿਆ ਗਿਆ ਹੈ। ਪਿੰਡਾਂ ਦੀਆਂ ਸੈਂਕੜੇ ਕਿਸਾਨ ਔਰਤ ਆਗੂਆਂ ਪੂਰੀ ਤਨਦੇਹੀ ਅਤੇ ਜ਼ਿੰਮੇਵਾਰੀ ਨਾਲ ਇਸ ਮੁਹਿੰਮ ਵਿੱਚ ਜੁਟੀਆਂ ਹੋਈਆਂ ਹਨ। ਸੈਂਕੜੇ ਕਾਲੇ ਚੋਲੇ, ਕਾਲੇ ਝੰਡੇ ਅਤੇ ਕਾਲੀਆਂ ਝੰਡੀਆਂ ਹੋ ਰਹੀਆਂ ਹਨ ਅਤੇ ਇਨ੍ਹਾਂ ਨੂੰ ਪਿੰਡਾਂ/ਸ਼ਹਿਰਾਂ/ਕਸਬਿਆਂ ਵਿੱਚ ਸਮੂਹਿਕ ਰੂਪ ‘ਚ ਘਰ-ਘਰ ਜਾ ਕੇ ਵੰਡਿਆ ਜਾਵੇਗਾ। ਆਗੂਆਂ ਕਿਹਾ ਕਿ ਮੋਦੀ ਹਕੂਮਤ ਨੂੰ ਇਹ ਕਾਲੇ ਕਾਨੂੰਨ ਰੱਦ ਕਰਨ ਲਈ ਮਜ਼ਬੂਤ ਚੇਤੰਨ ਜਥੇਬੰਦਕ ਏਕਾ ਹੀ ਮਜਬੂਰ ਕਰੇਗਾ। ਕਿਰਤੀ ਲੋਕਾਈ ਨੂੰ ਲੀਡਰਸ਼ਿਪ ਦੀ ਢਾਲ ਤੇ ਤਲਵਾਰ ਬਨਣਾ ਹੋਵੇਗਾ।
ਆਗੂਆਂ ਡਾ. ਰਜਿੰਦਰਪਾਲ, ਸੁਖਵਿੰਦਰ ਸਿੰਘ, ਹਰਚਰਨ ਚਹਿਲ, ਬਿੱਕਰ ਅੋਲਖ, ਹਰਚਰਨ ਚੰਨਾ ਅਤੇ ਖੁਸ਼ਮੰਦਰਪਾਲ ਨੇ ਦੱਸਿਆ ਕਿ ਪਿੰਡਾਂ ਦੀ ਮੁਹਿੰਮ ਤੋਂ ਇਲਾਵਾ ਬਰਨਾਲਾ ਸ਼ਹਿਰ ਵਿੱਚ ਯੋਜਨਾਬੱਧ ਤਰੀਕੇ ਨਾਲ ਪੂਰੀ ਵਿਉਂਤਬੰਦੀ ਕਰ ਲਈ ਗਈ ਹੈ। ਇਸ ਵਿੱਚ ਬੀਕੇਯੂ ਏਕਤਾ ਡਕੌਂਦਾ ਦੀਆਂ ਲੋਕਲ ਇਕਾਈਆਂ, ਇਨਕਲਾਬੀ ਕੇਂਦਰ ਦੀ ਆਗੂ ਟੀਮ ਅਤੇ ਜਮਹੂਰੀ ਲਹਿਰ ਦੇ ਹਿੱਸੇ ਇਸ ਮੁਹਿੰਮ ਨੂੰ ਰਲ ਕੇ ਸਫ਼ਲ ਬਣਾਉਣਗੇ।
ਪਿੰਡ ਭੋਤਨਾ ਦੀਆਂ ਬੀਬੀਆਂ ਨੇ ਕਾਲੇ ਝੰਡੇ ਬਣਾਏ
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। 26 ਮਈ ਨੂੰ ਦਿੱਲੀ ਵਿੱਚ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ਅਤੇ ਭਾਜਪਾ ਸਰਕਾਰ ਦੇ 7 ਸਾਲ ਪੂਰੇ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲਾ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਤਹਿਤ 26 ਮਈ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਮੋਰਚੇ ਸਮੇਤ ਪੰਜਾਬ ਵਿੱਚ 26 ਮਈ ਨੂੰ ਕਾਲੇ ਝੰਡਿਆਂ ਨਾਲ ਕਾਲਾ ਦਿਨ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਪਿੰਡਾਂ ਵਿੱਚ ਕਿਸਾਨ ਬੀਬੀਆਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿੰਡ ਭੋਤਨਾ ਵਿੱਚ ਭਾਕਿਯੂ ਉਗਰਾਹਾਂ ਦੀ ਵਰਕਰਾਂ ਵੱਲੋਂ ਕਾਲੇ ਝੰਡੇ ਤੇ ਪੱਟੀਆਂ ਬਣਾਈਆਂ ਗਈਆਂ। ਬਲਾਕ ਆਗੂ ਬਿੰਦਰ ਸਿੰਘ ਭੋਤਨਾ ਨੇ ਦੱਸਿਆ ਕਿ 26 ਮਈ ਨੂੰ ਕਿਸਾਨ ਮੋਦੀ ਸਰਕਾਰ ਦੇ ਲੋਕ ਮਾਰੂ ਫ਼ੈਸਲਿਆਂ ਵਿਰੁੱਧ ਕਿਸਾਨ ਆਪਣੇ ਘਰਾਂ, ਵਹੀਕਲਾਂ ਅਤੇ ਮੋਰਚਿਆਂ ਵਿੱਚ ਕਾਲੇ ਝੰਡੇ ਚੜਾ ਕੇ ਰੋਸ ਜ਼ਾਹਰ ਕਰਨਗੇ।