ਖੇਤਰੀ ਪ੍ਰਤੀਨਿਧ
ਬਰਨਾਲਾ, 7 ਜਨਵਰੀ
ਇੱਥੇ ਦਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵੱਲੋਂ 10 ਜਨਵਰੀ ਨੂੰ ਕੀਤੀ ਜਾਣ ਵਾਲੀ ਸੂਬਾ ਪੱਧਰੀ ‘ਜੁਝਾਰ ਰੈਲੀ‘ ਦੀਆਂ ਤਿਆਰੀਆਂ ਜ਼ੋਰਾਂ ’ਤੇ ਹਨ। ਜਥੇਬੰਦੀ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਅੱਜ ਸੈਂਕੜੇ ਪਿੰਡਾਂ ਵਿੱਚ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਨੇ ਟੀਮਾਂ ਬਣਾ ਕੇ ਘਰ ਘਰ ਜਾ ਕੇ 10 ਜਨਵਰੀ ਦੀ ਜੁਝਾਰ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਦੀ ਅਪੀਲ ਕੀਤੀ। ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਨਾਲ ਸਬੰਧਤ ਵੱਖ-ਵੱਖ ਮੰਗਾਂ ਦੀ ਪੂਰਤੀ ਲਈ ‘ਜੁਝਾਰ ਰੈਲੀ‘ ਕੀਤੀ ਜਾਵੇਗੀ।
ਮਹਿਲ ਕਲਾਂ (ਪੱਤਰ ਪ੍ਰੇਰਕ): ਬੀਕੇਯੂ (ਡਕੌਂਦਾ) ਵੱਲੋਂ 10 ਜਨਵਰੀ ਨੂੰ ਦਾਣਾ ਮੰਡੀ ਬਰਨਾਲਾ ਵਿਖੇ ਕੀਤੀ ਜਾਣ ਵਾਲ਼ੀ ਸੂਬਾ ਪੱਧਰੀ ‘ਜੁਝਾਰ ਰੈਲੀ’ ਦੀ ਤਿਆਰੀ ਲਈ ਬਲਾਕ ਮਹਿਲ ਕਲਾਂ ਦੇ ਪਿੰਡਾਂ ’ਚ ਨੁੱਕੜ ਮੀਟਿੰਗਾਂ ਕੀਤੀਆ ਜਾ ਰਹੀਆਂ ਹਨ। ਅੱਜ ਨੇੜਲੇ ਪਿੰਡਾਂ ਹਰਦਾਸਪੁਰਾ, ਛਾਪਾ, ਕੁਰੜ, ਹਮੀਦੀ, ਕਰਮਗੜ੍ਹ ਆਦਿ ’ਚ ਨੁੱਕੜ ਮੀਟਿੰਗਾਂ ਦੌਰਾਨ ਕਿਸਾਨਾਂ ਨੂੰ ਬਰਨਾਲਾ ਰੈਲੀ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਗਿਆ।