ਪੱਤਰ ਪ੍ਰੇਰਕ
ਧਨੌਲਾ, 4 ਅਕਤੂਬਰ
ਬੀਤੇ ਕਈ ਦਿਨਾਂ ਤੋਂ ਪਾਵਰਕੌਮ ਵੱਲੋਂ ਵਾਟਰ ਵਰਕਸ ਅਤੇ ਹੋਰ ਸਰਕਾਰੀ ਦਫ਼ਤਰਾਂ ਵਿਚ ਲਗਾਏ ਜਾ ਰਹੇ ਚਿੱਪ ਵਾਲੇ ਬਿਜਲੀ ਮੀਟਰ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਦੇਰ ਸ਼ਾਮ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਬਲਵਿੰਦਰ ਸਿੰਘ ਕਾਲਾ, ਕਾਲਾ ਸਿੰਘ, ਜਤਿੰਦਰ ਸਿੰਘ ਤੇ ਹੋਰ ਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਦਫ਼ਤਰ ਅਤੇ ਸੁਵਿਧਾ ਕੇਂਦਰ ਵਿਚ ਲਾਏ ਨਵੇਂ ਚਿੱਪ ਵਾਲੇ ਬਿਜਲੀ ਮੀਟਰ ਪੁੱਟਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਇਹ ਮੀਟਰ ਕਿਸੇ ਵੀ ਥਾਂ ਉੱਪਰ ਨਹੀਂ ਲੱਗਣ ਦਿੱਤੇ ਜਾਣਗੇ। ਵਿਸਾਖਾ ਸਿੰਘ, ਪਿਰਥੀ ਸਿੰਘ ਅਤੇ ਮੇਵਾ ਸਿੰਘ ਨੇ ਦੱਸਿਆ ਕਿ ਮੀਟਰ ਪੁੱਟਣ ਮਗਰੋਂ ਪਾਵਰਕੌਮ ਦੇ ਮੁਲਾਜ਼ਮਾਂ ਕੋਲ ਜਮ੍ਹਾਂ ਕਰਵਾਏ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਚਿੱਪ ਵਾਲੇ ਬਿਜਲੀ ਮੀਟਰ ਲਾ ਕੇ ਲੋਕਾਂ ਦਾ ਦੀਵਾਲਾ ਕੱਢਣ ਦੀ ਤਿਆਰੀ ਵਿਚ ਹੈ।