ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ
ਮੁਕਤਸਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਲਾਗੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਧਰਨਾ ਦੇ ਕੇ ਨਹਿਰੀ ਪਾਣੀ ਦੀ ਵਾਰਾਬੰਦੀ ਨਾ ਕਰਨ, ਟੇਲਾਂ ਤੱਕ ਪੂਰਾ ਪਾਣੀ ਪੁੱਜਦਾ ਕਰਨ ਅਤੇ ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ| ਧਰਨੇ ਨੂੰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਕਾਨਿਆਂਵਾਲੀ, ਹਰਮਨਦੀਪ ਸਿੰਘ ਬਾਮ, ਦਵਿੰਦਰ ਸਿੰਘ ਭੰਗੇਵਾਲਾ, ਦਲਜੀਤ ਸਿੰਘ ਰੰਧਾਵਾ, ਨਿਰਮਲ ਸਿੰਘ ਸੰਗੂਧੋਣ, ਅਵਤਾਰ ਸਿੰਘ ਫੂਲੇਵਾਲਾ, ਸ਼ਿਵਰਾਜ ਸਿੰਘ ਭੰਗਚੜੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਖੇਤਰ ਦਾ
ਧਰਤੀ ਹੇਠਲਾ ਪਾਣੀ ਮਾੜਾ ਹੈ, ਉਤੋਂ ਮੁਕਤਸਰ ਮਾਈਨਰ, ਮੁੱਦਕੀ ਮਾਈਨਰ, ਰੁਪਾਣਾ ਲੋਅਰ, ਗੋਨੇਆਣਾ, ਬੀਹਲੇਵਾਲਾ ਮਾਈਨਰ, ਗੋਨੇਆਣਾ ਮਾਈਨਰ, ਆਲਮਵਾਲਾ ਮਾਈਨਰ, ਅਰਨੀਵਾਲਾ ਮਾਈਨਰ 17 ਸਤੰਬਰ ਤੋਂ ਬੰਦ ਹੋ ਰਹੀਆਂ ਹਨ| ਇਸ ਕਰ ਕੇ ਟੇਲਾਂ ਵਾਲੇ ਕਿਸਾਨਾਂ ਨੂੰ ਭਾਰੀ ਸਮੱਸਿਆ ਖੜ੍ਹੀ ਹੋ ਜਾਵੇਗੀ, ਇਸ ਲਈ ਇਹ ਵਾਰਾਬੰਦੀ ਨਾ ਕੀਤੀ ਜਾਵੇ| ਇਸ ਦੇ ਨਾਲ ਹੀ ਗੁਲਾਬੀ ਸੁੰਡੀ ਨਾਲ ਹੋਏ ਨਰਮੇ ਦੇ ਖ਼ਰਾਬੇ ਦਾ ਮੁਆਵਜ਼ਾ ਯੋਗ ਕਿਸਾਨਾਂ ਨੂੰ ਨਹੀਂ ਮਿਲ ਰਿਹਾ, ਉਹ ਦਿੱਤਾ ਜਾਵੇ| ਉਨ੍ਹਾਂ ਕਿਹਾ ਕਿ ਇਸ ਸਾਲ ਬਾਰਸ਼ਾਂ ਨਾਲ ਬਰਬਾਦ ਹੋਈਆਂ ਫ਼ਸਲਾਂ ਦੇ 100 ਪ੍ਰਤੀਸ਼ਤ ਖ਼ਰਾਬੇ ਦੀ ਗਿਰਦਾਵਰੀ ਕੀਤੀ ਜਾਵੇ, ਉਨ੍ਹਾਂ ਦੀ ਵਰਗ ਵੰਡ ਨਾ ਕੀਤੀ ਜਾਵੇ ਬਲਕਿ ਮੁਆਵਜ਼ਾ ਜਲਦੀ ਦਿੱਤਾ ਜਾਵੇ| ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਵਿੱਚ ਦੂਜੇ ਸੂਬਿਆਂ ’ਤੇ ਲਿਆ ਕੇ ਵੇਚਿਆ ਜਾ ਰਿਹਾ ਝੋਨਾ ਬੰਦ ਕੀਤਾ ਜਾਵੇ। 20 ਸਤੰਬਰ ਤੋਂ ਖੇਤਾਂ ਵਾਲੀ ਬਿਜਲੀ ਬੰਦ ਨਾ ਕੀਤੀ ਜਾਵੇ|
ਇਸ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੂਨੀਅਨ ਦੇ ਆਗੂਆਂ ਦੀ ਨਹਿਰੀ ਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਵਾ ਕੇ ਸਮੱਸਿਆ ਦਾ ਹੱਲ ਕਰਨ ਦਾ ਯਤਨ ਕੀਤਾ ਗਿਆ|