ਗੁਰਵਿੰਦਰ ਸਿੰਘ
ਰਾਮਪੁਰਾ ਫੂਲ, 29 ਦਸੰਬਰ
ਕਿਸਾਨਾਂ ਨੇ ਭਾਜਪਾ ਦੀ ਸੂਬਾ ਕਾਰਜਕਾਰਨੀ ਮੈਂਬਰ ਮੱਖਣ ਜਿੰਦਲ ਦੇ ਸਾਰੇ ਵਪਾਰਕ ਅਦਾਰੇ ਘੇਰ ਲਏ ਹਨ, ਜਿਸ ਕਾਰਨ ਜਿੰਦਲ ਪਰਿਵਾਰ ਦਾ ਕਾਰੋਬਾਰ ਠੱਪ ਹੋ ਗਿਆ ਹੈ। ਅੰਦੋਲਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜਿੰਨਾ ਚਿਰ ਉਹ ਭਾਜਪਾ ਦੀ ਮੈਂਬਰਸ਼ਿਪ ਨਹੀਂ ਛੱਡਦੇ ਘਿਰਾਓ ਜਾਰੀ ਰਹੇਗਾ। ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਚੱਲ ਰਹੇ ਇਸ ਅੰਦੋਲਨ ਬਾਰੇ ਗੱਲ ਕਰਦਿਆਂ ਮਾਸਟਰ ਸੁਖਦੇਵ ਸਿੰਘ ਜਵੰਧਾ ਨੇ ਕਿਹਾ ਕਿ ਇਸ ਆਗੂ ਦੇ ਇਲਾਕੇ ਦੇ ਤਿੰਨੇ ਵਪਾਰਕ ਅਦਾਰਿਆਂ ਨੂੰ ਕਿਸਾਨਾਂ ਨੇ ਘੇਰਾ ਪਾਇਆ ਹੋਇਆ ਹੈ। ਇਸ ਵਿਚ ਉਨ੍ਹਾਂ ਦੀ ਸਥਾਨਕ ਬੱਸ ਅੱਡੇ ਵਾਲੀ ਕੱਪੜੇ ਦੀ ਦੁਕਾਨ, ਮੌੜ ਰੋਡ ਵਾਲਾ ਟਾਈਲਾਂ ਦਾ ਸ਼ੋਅ ਰੂਮ ਅਤੇ ਖੋਖਰ ਪਿੰਡ ਵਾਲੀ ਰੋਡ ’ਤੇ ਟਾਈਲਾਂ ਵਾਲੀ ਫੈਕਟਰੀ ਸ਼ਾਮਲ ਹੈ। ਧਰਨਿਆਂ ਨੂੰ ਬੂਟਾ ਸਿੰਘ ਬੱਲ,ਗੁਰਵਿੰਦਰ ਸਿੰਘ ਬੱਲੋ, ਬਿੰਦਰ ਸਿੰਘ ਜੈਦ, ਗੁਰਲਾਲ ਸਿੰਘ, ਸੁਰਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਪਿੱਥੋ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਖ਼ਮਿਆਜ਼ਾ ਮੋਦੀ ਸਰਕਾਰ ਨੂੰ ਤੇ ਇਸ ਦੇ ਅਹੁਦੇਦਾਰਾਂ ਨੂੰ ਭੁਗਤਣਾ ਪਵੇਗਾ। ਉੱਧਰ ਮੱਖਣ ਜਿੰਦਲ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਅਤੇ ਕਿਸਾਨ ਧਿਰਾਂ ਜਿੱਦ ਨੂੰ ਛੱਡਣ ਤੇ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ।