ਨਿੱਜੀ ਪੱਤਰ ਪੇ੍ਰਕ
ਰਾਮਪੁਰਾ ਫੂਲ, 23 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਰਾਮਪੁਰਾ ਦੇ ਰਿਲਇੰਸ ਪੰਪ ਉੱਪਰ ਕੀਤੀ ਗਈ। ਇਸ ਮੌਕੇ ਬਲਾਕ ਪ੍ਰਧਾਨ ਮਾਸਟਰ ਸੁਖਦੇਵ ਸਿੰਘ ਜਵੰਦਾ ਤੇ ਨਿੱਕਾ ਸਿੰਘ ਜੇਠੂਕੇ ਨੇ ਦੱਸਿਆ ਕਿ ਪਿਛਲੇ ਮਹੀਨੇ ਰਾਮਪੁਰਾ ਸ਼ਹਿਰ ਦੇ ਮੱਖਣ ਜਿੰਦਲ ਜੋ ਭਾਜਪਾ ਦੇ ਸੂਬਾਈ ਕਮੇਟੀ ਮੈਂਬਰ ਸਨ, ਵੱਲੋਂ ਕਿਸਾਨੀ ਸੰਘਰਸ਼ ਦੇ ਦਬਾਅ ਕਾਰਨ ਅਸਤੀਫ਼ਾ ਦੇ ਦਿੱਤਾ ਸੀ ਕਿਉਂਕਿ ਕਿਸਾਨਾਂ ਵੱਲੋਂ ਲਗਾਤਾਰ ਮੱਖਣ ਜਿੰਦਲ ਦੇ ਘਰ ਸਾਹਮਣੇ ਪੱਕਾ ਮੋਰਚਾ ਲਾਇਆ ਹੋਇਆ ਸੀ, ਜਿਸ ਕਾਰਨ ਮੱਖਣ ਜਿੰਦਲ ਵੱਲੋਂ ਧਰਨੇ ਵਿੱਚ ਆ ਕੇ ਲਿਖਤੀ ਰੂਪ ਵਿੱਚ ਅਸਤੀਫ਼ਾ ਦੇ ਕੇ ਕਿਸਾਨਾਂ ਨਾਲ ਖੜ੍ਹਨ ਦਾ ਵਾਅਦਾ ਕੀਤਾ ਸੀ। ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਹੁਣ ਫਿਰ ਮੱਖਣ ਜਿੰਦਲ ਵੱਲੋਂ ਭਾਜਪਾ ਦੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੱਖਣ ਜਿੰਦਲ ਵੱਲੋਂ ਕਿਸਾਨਾਂ ਦੀਆਂ ਅੱਖਾਂ ਵਿੱਚ ਘੱਟਾ ਪਾਇਆ ਗਿਆ ਹੈ ਇਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਭਾਜਪਾ ਤੇ ਮੱਖਣ ਜਿੰਦਲ ਵੱਲੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਲਗਾਤਾਰ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਬੂਟਾ ਸਿੰਘ ਬੱਲ੍ਹੋ, ਬਿੰਦਰ ਸਿੰਘ ਜੈਦ,ਕਾਲਾ ਸਿੰਘ ਪਿੱਥੋ, ਅਮਨਦੀਪ ਸਿੰਘ ਚਾਉਕੇ, ਸਗਨਦੀਪ ਸਿੰਘ ਜਿਉਂਦ, ਬਲਦੇਵ ਸਿੰਘ ਚਾਉਕੇ, ਜਸਵੰਤ ਸਿੰਘ ਘੜੈਲੀ, ਆਦਿ ਆਗੂ ਹਾਜ਼ਰ ਸਨ।