ਪੱਤਰ ਪ੍ਰੇਰਕ
ਜ਼ੀਰਾ, 20 ਅਕਤੂਬਰ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਥੇ ਮਰਹੂਮ ਮੰਤਰੀ ਜਥੇਦਾਰ ਹਰੀ ਸਿੰਘ ਜ਼ੀਰਾ ਦੇ ਨਿਵਾਸ ਸਥਾਨ ’ਤੇ ਉਨ੍ਹਾਂ ਦੇ ਸਪੁੱਤਰ ਅਵਤਾਰ ਸਿੰਘ ਜ਼ੀਰਾ ਦੀ ਰਹਿਨੁਮਈ ਹੇਠ ਵਰਕਰਾਂ ਦੀ ਇਕੱਤਰਤਾ ਨੂੰ ਸੰਬੋਧਨ ਕੀਤਾ। ਇਸ ਸਮੇਂ ਭਾਜਪਾ ਦੇ ਸੂਬਾ ਪ੍ਰਧਾਨ ਦੀ ਆਮਦ ‘ਤੇ ਹਲਕਾ ਜ਼ੀਰਾ ਦੇ ਵਰਕਰਾਂ ਨਾਲ ਰੂਬਰੂ ਕਰਵਾਉਣ ਲਈ ਰੱਖੇ ਗਏ ਸਮਾਗਮ ਨੇ ਰੈਲੀ ਦਾ ਰੂਪ ਧਾਰ ਲਿਆ। ਅਸ਼ਵਨੀ ਸ਼ਰਮਾ ਦੀ ਆਮਦ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਜੁਗਰਾਜ ਸਿੰਘ ਕਟੋਰਾ, ਡਾ. ਸਤੀਸ਼ ਠੁਕਰਾਲ, ਰੋਹਤਕ ਢੱਲ ਜ਼ਿਲ੍ਹਾ ਮੀਤ ਪ੍ਰਧਾਨ, ਅਮਨਦੀਪ ਗਿਰਧਰ, ਮਨਮੋਹਨ ਸਿੰਘ ਖੁਰਮਾ ਮੰਡਲ ਪ੍ਰਧਾਨ ਮੱਲਾਂਵਾਲਾ ਤੋਂ ਇਲਾਵਾ ਵੱਖ-ਵੱਖ ਸ਼ਖ਼ਸੀਅਤਾਂ ਨੇ ਸੰਬੋਧਨ ਕੀਤਾ। ਇਸ ਸਮੇਂ ਸਾਬਕਾ ਚੇਅਰਮੈਨ ਅਵਤਾਰ ਸਿੰਘ ਜ਼ੀਰਾ ਨੇ ਆਏ ਹੋਏ ਭਾਜਪਾ ਵਰਕਰਾਂ ਦਾ ਧੰਨਵਾਦ ਕੀਤਾ। ਅਸ਼ਵਨੀ ਸ਼ਰਮਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦਾ ਚੋਣ ਬਿਗਲ ਵਜਾਉਂਦਿਆਂ ਵਰਕਰਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਕੜੇ ਹੋਣ ਦਾ ਸੱਦਾ ਦਿੰਦਿਆਂ ਆਖਿਆ ਕਿ ਭਾਰਤੀ ਜਨਤਾ ਪਾਰਟੀ ਸੂਬੇ ਅੰਦਰ ਇੱਕ ਵੱਡੀ ਸ਼ਕਤੀ ਵਜੋਂ ਉਭਰ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਲੋਕ ਭਾਰਤੀ ਜਨਤਾ ਪਾਰਟੀ ਨਾਲ ਜੁੜ ਰਹੇ ਹਨ। ਇਸ ਮੌਕੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਰਾਏ, ਕੈਪਟਨ ਸਵਰਨ ਸਿੰਘ ਸ਼ਾਹਵਾਲਾ, ਕਾਰਜ ਸਿੰਘ ਆਹਲਾ ਸਾਬਕਾ ਚੇਅਰਮੈਨ, ਹਰਬੀਰਇੰਦਰ ਸਿੰਘ ਜੀਰਾ, ਬੋਹੜ ਸਿੰਘ ਲਾਲਕਾ ਨੰਬਰਦਾਰ, ਰੁਪਿੰਦਰ ਸਿੰਘ ਕੰਗ ਪੰਡੋਰੀ, ਐਡਵੋਕੇਟ ਤਰੁਣ ਝੱਟਾ, ਸੀਨੀਅਰ ਆਗੂ ਬੀਬੀ ਵਰਿੰਦਰ ਕੌਰ ਕਮਾਲਗੜ੍ਹ ਆਦਿ ਹਾਜ਼ਰ ਸਨ।
ਗੁਰੂਹਰਸਹਾਏ (ਪੱਤਰ ਪ੍ਰੇਰਕ): ਸ਼ਹਿਰ ਦੇ ਚੰਦਨ ਪੈਲੇਸ ਵਿਖੇ ਭਾਰਤੀ ਜਨਤਾ ਪਾਰਟੀ ਵੱਲੋਂ ਲੋਕ ਮਿਲਣੀ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿਚ ਹਲਕਾ ਵਾਸੀਆਂ ਨੇ ਪਹੁੰਚ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਵਿਚਾਰਾਂ ਨੂੰ ਸੁਣਿਆ। ਇਥੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਲੋਕ ਹਿੱਤ ਲਈ ਹੈ ਅਤੇ ਪਾਰਟੀ ਨੂੰ ਪੰਜਾਬ ਦੇ ਹਰੇਕ ਵਰਗ ਦੀਆਂ ਭਾਵਨਾਵਾਂ ਦੀ ਸਮਝ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰ ਵਰਗ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤੇ ਕਿਸਾਨਾਂ ਦੀ ਭਲਾਈ ਲਈ ਵੱਖ ਵੱਖ ਫਸਲਾਂ ਦੇ ਖ਼ਰੀਦ ਦੇ ਖਰੀਦ ਮੁੱਲ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਚਿੰਤਾ ਵੀ ਜ਼ਾਹਿਰ ਕੀਤੀ ਹੈ। ਇਸ ਮੌਕੇ ਹਲਕਾ ਗੁਰੂ ਹਰ ਸਹਾਏ ਤੋਂ ਚੋਣਾਂ ਲੜ ਚੁੱਕੇ ਗੁਰਪ੍ਰਵੇਜ਼ ਸਿੰਘ ਸ਼ੈਲੇ ਸੰਧੂ ਨੇ ਅਸ਼ਵਨੀ ਸ਼ਰਮਾ ਦਾ ਧੰਨਵਾਦ ਕਰਦੇ ਹੋਏ ਹਲਕਾ ਬਾਰਡਰ ਪੱਟੀ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ।