ਨਿਜੀ ਪੱਤਰ ਪ੍ਰੇਰਕ
ਮੋਗਾ, 9 ਅਪਰੈਲ
ਇਥੇ ਧਰਮਕੋਟ ਸਬ ਡਿਵੀਜ਼ਨ ਅਧੀਨ ਸਤਲੁਜ ਦਰਿਆ ਨੇੜਲੇ ਪਿੰਡਾਂ ’ਚ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੇ ਜਾ ਰਹੇ ਨਾਜਾਇਜ ਖਣਨ ਨਾਲ ਸਰਕਾਰ ਨੂੰ ਲੱਖਾਂ ਰੁਪਇਆਂ ਦਾ ਰਗੜਾ ਲੱਗ ਰਿਹਾ ਹੈ। ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਖਣਨ ਦੀ ਸੋਸ਼ਲ ਮੀਡੀਆ ਵਾਇਰਲ ਹੋਣ ਬਾਅਦ ਥਾਣਾ ਕੋਟ ਈਸੇ ਖਾਂ ਪੁਲੀਸ ਨੇ ਦੋ ਭਰਾਵਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਡੀਐੱਸਪੀ ਧਰਮਕੋਟ ਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਪੁਲੀਸ 24 ਘੰਟੇ ਨਾਜਾਇਜ਼ ਮਾਈਨਿੰਗ ਉੱਤੇ ਨਜ਼ਰ ਰੱਖ ਰਹੀ ਹੈ। ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਮੰਦਰ ਕਲਾਂ ਦੀ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਖਣਨ ਦੇ ਦੋਸ਼ ਹੇਠ ਉਪ ਮੰਡਲ ਅਫਸਰ ਕਮ ਸਹਾਇਕ ਜ਼ਿਲ੍ਹਾ ਮਾਈਨਿੰਗ ਅਫਸਰ ਕਮ ਜਲ ਨਿਕਾਸ ਉਪ ਮੰਡਲ ਮੋਗਾ ਦੀ ਸ਼ਿਕਾਇਤ ’ਤੇ ਜਗਜੀਤ ਸਿੰਘ ਅਤੇ ਉਸ ਦੇ ਭਰਾ ਸੁਖਵਿੰਦਰ ਸਿੰਘ ਪਿੰਡ ਮੰਦਰ ਖ਼ਿਲਾਫ਼ ਨਾਜਾਇਜ਼ ਮਾਈਨਿੰਗ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਮਾਈਨਿੰਗ ਵਿਭਾਗ ਦੀ ਮੁਢਲੀ ਪੜਤਾਲ ਵਿੱਚ ਪੰਚਾਇਤੀ ਜ਼ਮੀਨ ਵਿੱਚੋਂ ਨਾਜਾਇਜ਼ ਖਣਨ ਦੀ ਪੁਸ਼ਟੀ ਬਾਅਦ ਪੁਲੀਸ ਵੱਲੋਂ ਕਾਰਵਾਈ ਕੀਤੀ ਗਈ ਹੈ।
ਪਿੰਡ ਮੰਦਰ ਦੀ ਸਰਪੰਚ ਅਮਰਜੀਤ ਕੌਰ ਨੇ ਦੋਸ਼ ਲਾਇਆ ਕਿ ਪੰਚਾਇਤ ਦੀ ਜ਼ਮੀਨ ਵਿੱਚੋਂ ਕਰੀਬ 8-8 ਫੁੱਟ ਹੇਠਾਂ ਤੱਕ ਰੇਤਾ ਦੀ ਚੋਰੀ ਕਰਕੇ ਅੱਗੇ ਵੇਚੀ ਹੈ। ਉਨ੍ਹਾਂ ਵੱਲੋਂ ਰੋਕਣ ਉਤੇ ਨੂੰ ਧਮਕੀਆਂ ਮਿਲਦੀਆਂ ਸਨ।
ਇਥੇ ਪਿੰਡ ਢੋਲੇਵਾਲਾ ਵਿੱਚ ਬੀਕੇਯੂ ਰਾਜੇਵਾਲ ਦੀ ਅਗਵਾਈ ਹੇਠ ਤਕਰੀਬਨ 12 ਦਿਨ ਤੋਂ ਦਿਨ ਰਾਤ ਓਵਰਲੋਡ ਵਾਹਨਾਂ ਰਾਹੀਂ ਰੇਤਾ ਦੀ ਢੋਆ ਢੁਆਈ ਕਾਰਨ ਟੁੱਟ ਚੁੱਕੀਆਂ ਸੜਕਾਂ ਤੇ ਸਕੂਲੀ ਵਿਦਿਆਰਥੀਆਂ ਨੂੰ ਸਕੂਲ ਜਾਣ ਆਉਣ ਸਮੇਂ ਟੁੱਟੀਆਂ ਸੜਕਾਂ ਤੇ ਰੇਤ ਨਾਲ ਭਰੇ ਓਵਰਲੋਡ ਵਾਹਨਾਂ ਦੀ ਆਵਾਜਾਈ ਕਾਰਨ ਆ ਰਹੀਆਂ ਦਿੱਕਤਾਂ ਖ਼ਿਲਾਫ਼ ਲਗਾਤਾਰ ਧਰਨਾ ਜਾਰੀ ਹੈ। ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰਕੇ ਨਿਰਧਾਰਤ ਸੀਮਾ ਤੋਂ ਵੱਧ ਡੂੰਘਾਈ ’ਚ ਜਾ ਕੇ ਪੋਕ ਲਾਈਨ ਨਾਲ ਰੇਤਾ ਦੀ ਨਿਕਾਸੀ ਕਰਨ ਅਤੇ ਗੈਰ-ਵਪਾਰਕ ਵਾਹਨ ਟਰੈਕਟਰ ਟਰਾਲੀ ’ਤੇ ਓਵਰਲੋਡ ਰੇਤ ਦੀ ਢੋਆ-ਢੁਆਈ ਕੀਤੀ ਜਾ ਰਹੀ ਹੈ।