ਪੱਤਰ ਪ੍ਰੇਰਕ
ਮੌੜ ਮੰਡੀ, 31 ਅਗਸਤ
ਮੌੜ ਇਲਾਕੇ ਦੀ ਸਮਾਜ ਸੇਵਾ ਵਿੱਚ ਸਥਾਪਿਤ ਸੰਸਥਾ ਮਾਲਵਾ ਮਿਸ਼ਨ ਵੱਲੋਂ ਚਲਾਏ ਜਾ ਰਹੇ ਬਿਰਧ ਆਸ਼ਰਮ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਸਾਹਿਤ ਦੇ ਕਹਾਣੀਕਾਰ ਭੁਪਿੰਦਰ ਸਿੰਘ ਮਾਨ ਦੀ ਨਵੀਂ ਵਾਰਤਕ ਪੁਸਤਕ ‘ਬਰਾਂਡੀ ਫੁੱਫੜ’ ਰਿਲੀਜ਼ ਕੀਤੀ ਗਈ। ਸਮਾਗਮ ਮੌਕੇ ਡੀਐੱਸਪੀ ਮੌੜ ਰਛਪਾਲ ਸਿੰਘ ਅਤੇ ਥਾਣਾ ਮੁਖੀ ਹਰਬੰਸ ਸਿੰਘ ਵਿਸ਼ੇਸ਼ ਤੌਰ ’ਤੇ ਪੁੱਜੇ। ਮੁੱਖ ਮਹਿਮਾਨ ਨੇ ਪਾਠਕਾਂ ਨੂੰ ਸਮਾਜ ਨੂੰ ਸੇਧ ਦਿੰਦਾ ਸਾਹਿਤ ਪੜ੍ਹਨ ਲਈ ਪ੍ਰੇਰਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੇਖਕ ਭੁਪਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਦਾ ਕਹਾਣੀ ਸੰਗ੍ਰਹਿ ‘ਓਪਰੀ ਹਵਾ’ ਅਤੇ ਇੱਕ ਬਾਲ ਨਾਵਲ ਪਾਠਕਾ ਦੀ ਝੋਲੀ ਪਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਰਾਂਡੀ ਫੁੱਫੜ ਕਿਤਾਬ ਅੰਦਰ ਉਨ੍ਹਾਂ ਵੱਲੋਂ 25 ਛੋਟੇ ਵੱਡੇ ਲੇਖ ਦਿੱਤੇ ਗਏ ਹਨ, ਜਿਨ੍ਹਾਂ ਜ਼ਿੰਦਗੀ ਦੇ ਸੱਚ ਨੂੰ ਸਮਝਣ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਮਾਲਵਾ ਮਿਸ਼ਨ ਵੱਲੋ ਡਾ. ਯਾਦਵਿੰਦਰ ਸਿੰਘ ਅਤੇ ਬਾਕੀ ਮੈਂਬਰਾਂ ਵੱਲੋਂ ਲੇਖਕ ਭੁਪਿੰਦਰ ਮਾਨ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗਾਇਕ ਸੁਰਜੀਤ ਖਾਨ, ਸੁੱਖੀ ਮਾਨ, ਸੁਰਿੰਦਰ ਸਿੰਘ ਜੱਗਾ ਰਾਮਤੀਰਥ ਆਦਿ ਹਾਜ਼ਰ ਸਨ।