ਪੱਤਰ ਪ੍ਰੇਰਕ
ਭੁੱਚੋ ਮੰਡੀ, 22 ਅਪਰੈਲ
ਸ਼ਹਿਰ ਵਾਸੀਆਂ ਦੇ ਇੱਕ ਵਫ਼ਦ ਨੇ ਐਕਸ਼ਨ ਕਮੇਟੀ ਦੀ ਅਗਵਾਈ ਹੇਠ ਲਹਿਰਾ ਬੇਗਾ ਟੌਲ ਪਲਾਜ਼ਾ ਦੇ ਮੈਨੇਜਰ ਸੰਜੀਵ ਕੁਮਾਰ ਨੂੰ ਟੌਲ ਟੈਕਸ ਤੋਂ ਛੋਟ ਦੇਣ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਐਕਸ਼ਨ ਕਮੇਟੀ ਦੇ ਆਗੂ ਅਸ਼ਵਨੀ ਕੁਮਾਰ, ਪਰਦੀਪ ਦੀਪਾ, ਨਰਦੀਪ ਗਰਗ, ਪਵਨ ਭੋਲਾ, ਟੋਨੀ ਬਾਂਸਲ, ਮੁਨੀਸ਼ ਬਾਂਸਲ, ਅਸ਼ਵਨੀ ਕੁਮਾਰ, ਸਤੀਸ਼ ਕੁਮਾਰ ਅਤੇ ਅੰਮ੍ਰਿਤ ਲਾਲ ਨੇ ਕਿਹਾ ਕਿ ਭੁੱਚੋ ਮੰਡੀ ਲਹਿਰਾ ਬੇਗਾ ਟੌਲ ਪਲਾਜ਼ਾ ਤੋਂ ਮਹਿਜ਼ ਦੋ ਕਿਲੋਮੀਟਰ ਦੀ ਦੂਰੀ ’ਤੇ ਹੈ, ਜਦੋਂ ਕਿ ਟੌਲ ਕੰਪਨੀ ਨੇ ਇਲਾਕੇ ਦੇ ਲਗਪਗ ਇੱਕ ਦਰਜਨ ਪਿੰਡਾਂ ਨੂੰ ਟੌਲ ਤੋਂ ਛੋਟ ਦਿੱਤੀ ਹੋਈ ਹੈ। ਇਹ ਸਾਰੇ ਪਿੰਡ ਭੁੱਚੋ ਮੰਡੀ ਤੋਂ ਵੱਧ ਦੂਰੀ ’ਤੇ ਹਨ।
ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਆਪਣੇ ਕੰਮਾਂ ਲਈ ਵਾਰ ਵਾਰ ਟੌਲ ਪਲਾਜ਼ਾ ਤੋਂ ਲੰਘਣਾ ਪੈਂਦਾ ਹੈ, ਹਰ ਵਾਰ ਟੌਲ ਪਰਚੀ ਕਟਵਾਉਣਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ ਹੈ। ਮਹਿੰਦਰਾ ਗੋਦਾਰਾ ਟੌਲ ਕੰਪਨੀ ਦੇ ਮੈਨੇਜਰ ਸੰਜੀਵ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਹੱਲ ਕਰਨ ਦੀ ਹਰ ਕੋਸ਼ਿਸ਼ ਕਰਨਗੇ।