ਸੰਜੀਵ ਹਾਂਡਾ
ਫ਼ਿਰੋਜ਼ਪੁਰ, 3 ਮਾਰਚ
ਇਥੋਂ ਦੀ ਕੇਂਦਰੀ ਜੇਲ੍ਹ ਚ ਬੰਦ ‘ਏ ‘ ਕੈਟਾਗਰੀ ਦੇ ਗੈਂਗਸਟਰ ‘ਭੋਲਾ ਸ਼ੂਟਰ’ ਦੀ ਅੱਜ ਤੜਕਸਾਰ ਰਾਤ ਮੌਤ ਹੋ ਗਈ ਹੈ। ਰਾਤ ਉਸ ਦੀ ਤਬੀਅਤ ਖ਼ਰਾਬ ਹੋ ਗਈ ਸੀ ਤੇ ਅੱਜ ਤੜਕਸਾਰ ਉਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਸੀ, ਜਿਥੇ ਉਸਨੇ ਦਮ ਤੋੜ ਦਿੱਤਾ। ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਇਹ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਜੁੜਿਆ ਸੀ ਤੇ ਉਸ ਉਪਰ ਕਈ ਅਪਰਾਧਿਕ ਮਾਮਲੇ ਵੀ ਦਰਜ ਸਨ। ਮੁੱਢਲੀ ਪੜਤਾਲ ਦੌਰਾਨ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਲਾਸ਼ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਈ ਗਈ ਹੈ ਤੇ ਉਸ ਦੇ ਪਰਿਵਾਰਕ ਮੈਂਬਰਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਸਿਟੀ ਪੁਲੀਸ ਵੱਲੋਂ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।