ਪੱਤਰ ਪ੍ਰੇਰਕ
ਮਾਨਸਾ, 5 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਨੇ ਅੱਜ ਮਾਲਵਾ ਖੇਤਰ ਵਿੱਚ ਪਾਵਰ ਕਾਰਪੋਰੇਸ਼ਨ ਦੇ ਐਕਸੀਅਨ ਦਫ਼ਤਰਾਂ ਅੱਗੇ ਧਰਨੇ ਦਿੱਤੇ ਤੇ ਖੇਤੀ ਮੋਟਰ ਕੁਨੈਕਸ਼ਨਾਂ ਵਿੱਚ ਹੋਏ ਘਪਲਿਆਂ ਦੀ ਜਾਂਚ ਕਰਵਾਉਣ ਮੰਗ ਕੀਤੀ ਹੈ। ਇਹ ਕੁਨੈਕਸ਼ਨ ਆਪਣੇ ਖਰਚੇ ’ਤੇ ਓ ਵਾਈ ਵੀ ਸਕੀਮ ਤਹਿਤ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਸਨ। ਮਾਨਸਾ ਵਿੱਚ ਐਕਸੀਅਨ ਦਫ਼ਤਰ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਇਨ੍ਹਾਂ ਕੁਨੈਕਸ਼ਨਾਂ ਵਿੱਚ ਕੁੱਝ ਅਜਿਹੇ ਕੁਨੈਕਸ਼ਨ ਹਨ, ਜੋ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਰਿਕਾਰਡ ਵਿੱਚ ਦਰਜ ਨਹੀਂ ਅਤੇ ਸਰਕਾਰ ਨੇ ਕਾਰਵਾਈ ਕਰਦਿਆਂ ਅਜਿਹੇ ਕੁਨੈਕਸ਼ਨ ਰਾਮਪੁਰਾ ਸਬ-ਡਵੀਜ਼ਨ ਵਿੱਚ ਕੱਟੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ ਕੁਨੈਕਸ਼ਨਾਂ ਦੀ ਪੁਸ਼ਟੀ ਦੇ ਸਬੂਤ ਹਨ ਅਤੇ ਬਾਕਾਇਦਾ ਅਧਿਕਾਰੀਆਂ ਵੱਲੋਂ ਪ੍ਰਵਾਨਗੀ ਦੀਆਂ ਰਸੀਦਾਂ ਅਤੇ ਕਾਪੀਆਂ ਵੀ ਹਨ। ਜ਼ਿਲ੍ਹਾ ਜਨਰਲ ਸਕੱਤਰ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਕੁਨੈਕਸ਼ਨਾਂ ਨੂੰ ਕੱਟਣ ਦੀ ਬਜਾਏ, ਅਜਿਹੇ ਕੁਨੈਕਸ਼ਨ ਜਾਰੀ ਕਰਨ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ।