ਪੱਤਰ ਪ੍ਰੇਰਕ
ਸ਼ਹਿਣਾ, 31 ਅਗਸਤ
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਇਕਾਈ ਪ੍ਰਧਾਨ ਗੁਰਪ੍ਰੀਤ ਸਿੰਘ ਗਿੱਲ ਦੀ ਅਗਵਾਈ ਹੇਠ ਕਸਬਾ ਸ਼ਹਿਣਾ ਦੀਆਂ ਲਿੰਕ ਸੜਕਾਂ ਬਣਾਉਣ ਲਈ ਇੱਕ ਮੰਗ ਪੱਤਰ ਮਾਰਕੀਟ ਕਮੇਟੀ ਦੇ ਸਕੱਤਰ ਕਮਲਜੀਤ ਸਿੰਘ ਨੂੰ ਦਿੱਤਾ ਗਿਆ। ਕਿਸਾਨ ਯੂਨੀਅਨ ਦੇ ਆਗੂਆਂ ਤੇਜ਼ਾ ਸਿੰਘ ਨੰਬਰਦਾਰ, ਕਾਲਾ ਸਿੰਘ ਉੱਪਲ, ਗੁਰਜੰਟ ਸਿੰਘ ਨੰਬਰਦਾਰ, ਗੁਰਜੰਟ ਸਿੰਘ ਬਦਰੇ ਵਾਲਾ, ਬੂਟਾ ਸਿੰਘ ਖਹਿਰਾ, ਗੁਰਲਾਲ ਸਿੰਘ, ਮਨਦੀਪ ਸਿੰਘ ਸਰੰਦੀ, ਭੋਲਾ ਸਿੰਘ ਮੌੜ, ਸੁਖਚੈਨ ਸਿੰਘ, ਪਿਆਰਾ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਸ਼ਹਿਣਾ ਤੋਂ ਪਿੰਡ ਚੂੰਘਾਂ, ਸ਼ਹਿਣਾ ਤੋਂ ਪਿੰਡ ਵਿਧਾਤਾ ਅਤੇ ਸਥਾਨਕ ਬਾਬਾ ਜੀਵਨ ਸਿੰਘ ਗੁਰਦੁਆਰਾ ਤੋਂ ਗੁਰਦੁਆਰਾ ਤ੍ਰਿਵੈਣੀ ਸਾਹਿਬ ਤੱਕ ਸੜਕਾਂ ਨੂੰ ਬਣਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਣਾ ਤੋਂ ਚੂੰਘਾਂ, ਸ਼ਹਿਣਾ- ਵਿਧਾਤਾ ਸੜਕ ਦਾ ਕੰਮ ਤਾਂ ਡੇਢ ਸਾਲ ਤੋਂ ਵਿਚਾਲੇ ਲਟਕ ਰਿਹਾ ਹੈ ਤੇ ਸੜਕਾਂ ’ਤੇ ਟੋਏ ਪੈ ਗਏ ਹਨ। ਉਨ੍ਹਾਂ ਕਿਹਾ ਕਿ ਟੁੱਟੀ ਹੋਈ ਸੜਕ ਕਾਰਨ ਰਾਹਗੀਰਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਇੱਕ ਹਫ਼ਤੇ ’ਚ ਇਨ੍ਹਾਂ ਸੜਕਾਂ ਦਾ ਕੰਮ ਸ਼ੁਰੂ ਨਹੀਂ ਕੀਤਾ ਤਾਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਢਿੱਲਵਾਂ ਕਾਲਜ ਤੋਂ ਮੌੜ ਨਾਭਾ ਤੱਕ ਪੱਕੀ ਸੜਕ ਬਣਉਣ ਦੀ ਮੰਗ
ਤਪਾ ਮੰਡੀ (ਪੱਤਰ ਪ੍ਰੇਰਕ): ਯੂਨੀਵਰਸਿਟੀ ਕਾਲਜ ਢਿੱਲਵਾਂ ਤੋਂ ਮੌੜ ਨਾਭਾ ਤੱਕ ਕੱਚੇ ਰਾਹ ’ਤੇ ਪੱਕੀ ਸੜਕ ਬਣਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਪਿੰਡ ਵਾਸੀਆਂ ਜਗਸੀਰ ਸਿੰਘ, ਗੁਰਜੰਟ ਸਿੰਘ ਤੇ ਸੋਹਣ ਸਿੰਘ ਆਦਿ ਨੇ ਦੱਸਿਆ ਕਿ 6 ਜਨਵਰੀ 2022 ਨੂੰ ਇਥੇ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਮੰਡੀ ਬੋਰਡ ਪੰਜਾਬ ਵੱਲੋਂ ਸੜਕਾਂ ਦੇ ਪੈਸੇ ਭਰੇ ਗਏ ਹਨ। ਟੈਂਡਰ ਵੀ ਹੋ ਚੁੱਕੇ ਹਨ, ਪਰ ਅਜੇ ਤੱਕ ਲੋਕ ਨਿਰਮਾਣ ਵਿਭਾਗ ਨੇ ਕੰਮ ਸ਼ੁਰੂ ਨਹੀਂ ਕਰਵਾਇਆ। ਰਾਹ ਦੇ ਪਾਸਿਆਂ ’ਤੇ ਵੱਟੇ ਅਤੇ ਰੋੜੀ ਦੇ ਢੇਰ ਲੱਗੇ ਪਾਏ ਹਨ। ਆਵਾਜਾਈ ਵਿਚ ਦਿੱਕਤ ਆ ਰਹੀ ਹੈ। ਲੋਕਾਂ ਨੇ ਮੰਗ ਸੜਕ ਦਾ ਬੰਦ ਕੰਮ ਜਲਦੀ ਸ਼ੁਰੂ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਐੱਸਡੀਓ ਨੇ ਕਿਹਾ ਕਿ ਠੇਕੇਦਾਰ ਨੂੰ ਤਾੜਨਾ ਉਪਰੰਤ ਸੜਕ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।