ਨਵਕਿਰਨ ਸਿੰਘ
ਮਹਿਲ ਕਲਾਂ, 4 ਫਰਵਰੀ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਵੱਲੋਂ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਹੱਕ ’ਚ ਅੱਜ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਵੱਲੋਂ ਕੁਲਵੰਤ ਸਿੰਘ ਪੰਡੋਰੀ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ। ਉਹ ਮਹਿਲ ਕਲਾਂ, ਮਹਿਲ ਖੁਰਦ, ਛਾਪਾ, ਪੰਡੋਰੀ, ਕੁਰੜ, ਹਮੀਦੀ, ਵਜ਼ੀਦਕੇ ਖੁਰਦ ਤੇ ਵਜ਼ੀਦਕੇ ਕਲਾਂ ਪਿੰਡਾਂ ’ਚੋਂ ਲੰਘੇ। ਇਸ ਮੌਕੇ ਭਗਵੰਤ ਮਾਨ ਵੱਲੋਂ ਨਾ ਹੀ ਤਾਂ ਕੋਈ ਚੋਣ ਰੈਲੀ ਕੀਤੀ ਗਈ ਤੇ ਨਾ ਹੀ ਕਿਸੇ ਪਿੰਡ ਕੋਈ ਮੀਟਿੰਗ ਕੀਤੀ ਬਲਕਿ ਰੋਡ ਸ਼ੋਅ ਵਾਂਗ ਪਿੰਡਾਂ ਦਾ ਦੌਰਾ ਕੀਤੀ। ਭਗਵੰਤ ਦੇ ਸਵਾਗਤ ’ਚ ਖੜ੍ਹੇ ਲੋਕਾਂ ਨੇ ਉਨ੍ਹਾਂ ਨੂੰ ਕਾਰ ਵਿੱਚ ਖੜ੍ਹਿਆਂ ਹੀ ਹਾਰ ਪਾਏ।
ਇਸੇ ਦੌਰਾਨ ਮਹਿਲ ਕਲਾਂ ਵਿੱਚ ਭਗਵੰਤ ਮਾਨ ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਹਾਜ਼ਰੀ ’ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਕੁਲਵੰਤ ਸਿੰਘ ਲੋਹਗੜ੍ਹ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਸਾਬਕਾ ਸਰਪੰਚ ਕੁਲਵੰਤ ਸਿੰਘ ਲੋਹਗੜ੍ਹ ਨੇ 2012 ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪਲਜ਼ ਪਾਰਟੀ ਆਫ ਪੰਜਾਬ ਤਰਫੋਂ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਚੋਣ ਲੜੀ ਸੀ ਅਤੇ ਬਾਅਦ ਵਿੱਚ ਉਹ ਸ਼੍ਰੀ ਬਾਦਲ ਨਾਲ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।