ਇਕਬਾਲ ਸਿੰਘ ਸ਼ਾਂਤ
ਲੰਬੀ, 20 ਅਗਸਤ
ਕੌਮੀ ਸ਼ਾਹਰਾਹ ਅਥਾਰਿਟੀ ਨੇ ਡੱਬਵਾਲੀ-ਮਲੋਟ ਛੇ ਮਾਰਗੀ ਸੜਕ ਦੇ ਨਿਰਮਾਣ ਵਿੱਚ ਪਿੰਡ ਭਾਗੂ ਦੇ ਵਜੂਦ ਪੂਰੀ ਤਰ੍ਹਾਂ ਅਣਗੌਲਿਆਂ ਕਰ ਦਿੱਤਾ ਹੈ। ਇਸ ਕੌਮੀ ਸ਼ਾਹਰਾਹ ਵਿੱਚ ਪਿੰਡ ਵਾਸੀਆਂ ਦੇ ਵਜੂਦ ਨੂੰ ਅਣਗੌਲਿਆਂ ਕਰਦਿਆਂ ਨਾ ਤਾਂ ਫਲਾਈਓਵਰ, ਨਾ ਸਰਵਿਸ ਲੇਨ ਤੇ ਨਾ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਤਜਵੀਜ਼ ਰੱਖੀ ਗਈ ਹੈ, ਜਿਸ ਕਰ ਕੇ ਸੜਕ ’ਤੇ ਪੈਂਦੇ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਤੇ ਪਿੰਡ ਵਾਸੀਆਂ ਲਈ ਇਹ ਸੜਕ ਪ੍ਰੇਸ਼ਾਨੀਆਂ ਦਾ ਸਬੱਬ ਬਣ ਸਕਦੀ ਹੈ। ਪਿੰਡ ਵਾਸੀਆਂ ਨੇ ਸੜਕ ਦਾ ਨਿਰਮਾਣ ਰੁਕਵਾ ਕੇ ਸੋਮਵਾਰ ਤੋਂ ਇੱਥੇ ਆਵਾਜਾਈ ਠੱਪ ਕਰਨ ਦਾ ਐਲਾਨ ਕਰ ਦਿੱਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਵੰਨ-ਵੇਅ ਸੜਕ ਦੇ ਦੋਵੇਂ ਹਿੱਸਿਆਂ ਦਾ ਪੱਧਰ ਇੱਕ-ਦੂਸਰੇ ਨਾਲੋਂ ਕਰੀਬ ਸਾਢੇ ਤਿੰਨ ਫੁੱਟ ਉੱਚਾ-ਨੀਵਾਂ ਹੈ, ਜਿਸ ਕਰ ਕੇ ਸਕੂਲੀ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਤੇਜ਼ ਰਫ਼ਤਾਰ ਵਾਹਨਾਂ ਤੇ ਉੱਚੀ ਸੜਕ ਲੰਘਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪਿੰਡ ਵਾਸੀਆਂ ਨੇ ਸੜਕ ਦਾ ਨਿਰਮਾਣ ਰੁਕਵਾ ਕੇ ਸੰਘਰਸ਼ ਵਿੱਢਣ ਦਾ ਐਲਾਨ ਕਰ ਦਿੱਤਾ ਹੈ। ਭਾਗੂ ਦੇ ਸਰਪੰਚ ਪ੍ਰਤੀਨਿਧ ਜਸਵਿੰਦਰ ਸਿੰਘ, ਸੁਖਦੇਵ ਸਿੰਘ, ਲਾਭ ਸਿੰਘ, ਇਕਬਾਲ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਲਾਲੀ, ਪ੍ਰਕਾਸ਼ ਸਿੰਘ, ਸੁਖਪਾਲ ਸਿੰਘ, ਭੋਲਾ ਸਿੰਘ ਅਤੇ ਗੁਰਲਾਲ ਨੇ ਕਿਹਾ ਕਿ ਸੜਕ ’ਤੇ ਹੀ ਸਰਕਾਰੀ ਆਦਰਸ਼ ਸਕੂਲ, ਗੁਰੂਘਰ ਅਤੇ ਦੋਵੇਂ ਪਾਸੇ ਆਬਾਦੀ ਹੈ। ਆਦਰਸ਼ ਸਕੂਲ ਭਾਗੂ ਵਿੱਚ ਸੱਤ-ਅੱਠ ਪਿੰਡਾਂ ਦੇ ਕਰੀਬ ਅੱਠ ਸੌ ਵਿਦਿਆਰਥੀ ਪੜ੍ਹਦੇ ਹਨ, ਜਿਨ੍ਹਾਂ ਦੀ ਆਵਾਜਾਈ ਸਮੇਂ ਰੋਜ਼ਾਨਾ ਟਰੈਫ਼ਿਕ ਜਾਮ ਹੋ ਜਾਂਦਾ ਹੈ। ਇੱਥੇ ਫਲਾਈਓਵਰ ਨਾ ਬਣਨ ਕਰ ਕੇ ਵਿਦਿਆਰਥੀਆਂ ਦੀ ਜ਼ਿੰਦਗੀ ਖਤਰੇ ਵਿੱਚ ਰਹੇਗੀ। ਸੜਕ ’ਤੇ ਸਰਵਿਸ ਲੇਨ ਅਤੇ ਬਰਸਾਤੀ ਨਾਲੇ ਵੀ ਨਹੀਂ ਬਣਾਏ ਗਏ ਹਨ।
ਸਰਪੰਚ ਅਮਨਦੀਪ ਕੌਰ ਅਤੇ ਸਰਪੰਚ ਪ੍ਰਤੀਨਿਧੀ ਜਸਵਿੰਦਰ ਸਿੰਘ ਨੇ ਕਿਹਾ ਕਿ ਸੜਕ ਨਿਰਮਾਣ ਵਿੱਚ ਅਣਗੌਲੇ ਕੀਤੇ ਪਿੰਡ ਦੇ ਵਜੂਦ ਨੂੰ ਬਚਾਉਣ ਲਈ ਪੰਚਾਇਤੀ ਕਾਨੂੰਨਾਂ ਦੇ ਸਮੁੱਚੇ ਅਖ਼ਤਿਆਰ ਵਰਤੇ ਜਾਣਗੇ ਅਤੇ ਬੁਨਿਆਦੀ ਹੱਕਾਂ ਨਾਲ ਜੁੜੀ ਖਾਮੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਪਿੰਡ ਵਾਸੀਆਂ ਸੋਮਵਾਰ ਤੋਂ ਡੱਬਵਾਲੀ-ਮਲੋਟ ਸੜਕ ‘’ਤੇ ਜਾਮ ਲਗਾ ਵੱਡਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ। ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ ਦੇ ਪ੍ਰਿੰਸੀਪਲ ਜਗਜੀਤ ਕੌਰ ਨੇ ਕਿਹਾ ਕਿ ਸੜਕ ਨਿਰਮਾਣ ਕਾਰਨ ਹੌਲੀ-ਹੌਲੀ ਦਿੱਕਤਾਂ ਸਾਹਮਣੇ ਆ ਰਹੀਆਂ ਹਨ।
ਕੀ ਕਹਿੰਦੇ ਨੇ ਅਧਿਕਾਰੀ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਇਸ ਸਬੰਧੀ ਿਕਹਾ ਕਿ ਕੌਮੀ ਸ਼ਾਹਰਾਹ ਅਥਾਰਿਟੀ ਦੇ ਅਧਿਕਾਰੀਆਂ ਨੂੰ ਪਿੰਡ ਭਾਗੂ ਦੇ ਲੋਕਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ।