ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 23 ਜੂਨ
ਭਗਤਾ ਭਾਈ ਨੇੜਲੇ ਥੋੜ੍ਹੇ ਜਿਹੇ ਖੇਤਰ ਵਿਚ ਬੀਤੀ ਰਾਤ ਆਏ ਤੇਜ਼ ਤੁੂਫਾਨ ਨੇ ਵੱਡੇ ਪੱਧਰ ‘ਤੇ ਤਬਾਹੀ ਮਚਾਉਂਦਿਆਂ ਦਰਜਨਾਂ ਦਰੱਖਤਾਂ, ਬਿਜਲੀ ਦੇ ਖੰਭਿਆਂ, ਟਰਾਂਸਫ਼ਾਰਮਰਾਂ ਤੋਂ ਇਲਾਵਾ ਦੋ ਵਰਕਸ਼ਾਪਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ। ਪਰ ਇਸ ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਪ੍ਰਾਪਤ ਜਾਣਕਾਰੀ ਮੁਤਾਬਕ ਝੱਖੜ ਨੇ ਸਿਰੀਏਵਾਲਾ ਸੜਕ ’ਤੇ ਸਥਿੱਤ ਨਿਊ ਨੈਸ਼ਨਲ ਸਟੀਲ ਇੰਡਸਟਰੀ ਦੇ ਲਗਪਗ 3 ਕਨਾਲਾਂ ਵਿਚ ਲੱਗੇ ਸ਼ੈੱਡ ਨੂੰ ਪੂਰੀ ਤਰ੍ਹਾਂ ਉਖਾੜ ਦਿੱਤਾ। ਤੇਜ਼ ਹਨ੍ਹੇਰੀ ਨੇ ਸ਼ੈੱਡ ਦੀਆਂ ਚਾਦਰਾਂ, ਐਂਗਲਾਂ ਅਤੇ ਹੋਰ ਸਮਾਨ ਨੂੰ ਪੁੱਟ ਕੇ ਦੂਰ ਖੇਤਾਂ ਵਿਚ ਸੁੱਟ ਦਿੱਤਾ। ਇੰਡਸਟਰੀ ਦੇ ਐਮ. ਡੀ. ਮਨਜੀਤ ਸਿੰਘ ਬੱਬੂ ਅਨੁਸਾਰ ਇਸ ਘਟਨਾ ਵਿਚ ਉਨ੍ਹਾਂ ਦਾ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਤੇਜ਼ ਝੱਖੜ ਨੇ ਇਥੋਂ ਦੀ ਭਾਈਕੇ ਐਗਰੀਕਲਚਰ ਵਰਕਸ ਦੇ ਵੱਡੇ ਸ਼ੈੱਡ ਦਾ ਸਾਰਾ ਸਾਮਾਨ ਪੁੱਟ ਕੇ ਦੂਰ ਖੇਤਾਂ ਵਿਚ ਸੁੱਟ ਦਿੱਤਾ ਅਤੇ ਵਰਕਸ਼ਾਪ ਦੀ 80 ਫੁੱਟ ਕੰਧ ਵੀ ਢਹਿ ਗਈ। ਇਸ ਤੋਂ ਇਲਾਵਾ ਇਕ ਕੋਲਡ ਸਟੋਰ ਸਮੇਤ ਕੁਝ ਘਰਾਂ ਦੀਆਂ ਕੰਧਾਂ ਵੀ ਢਹਿ ਗਈਆਂ। ਇਸੇ ਤਰ੍ਹਾਂ ਹੀ ਬਿਜਲੀ ਦੇ ਪੰਜ ਦਰਜਨ ਖੱਭਿਆਂ ਅਤੇ ਅੱਧੀ ਦਰਜਨ ਟਰਾਂਸਫਾਰਮਾਂ ਨੂੰ ਨੁਕਸਾਨ ਪਹੁੰਚਣ ਨਾਲ ਇਲਾਕੇ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ।