ਪੱਤਰ ਪ੍ਰੇਰਕ
ਭੁੱਚੋ ਮੰਡੀ, 18 ਜੁਲਾਈ
ਬੈਸਟ ਪ੍ਰਾਈਜ਼ ਮਾਲ ਮੁਲਾਜ਼ਮ ਯੂਨੀਅਨ ਵੱਲੋਂ ਨੌਕਰੀਆਂ ਬਹਾਲ ਕਰਵਾਉਣ ਲਈ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਦੀ ਅਗਵਾਈ ਹੇਠ ਮਾਲ ਦੇ ਮੁੱਖ ਗੇਟ ਅੱਗੇ ਲਗਾਇਆ ਪੱਕਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਮੁਲਾਜ਼ਮਾਂ ਨੇ ਕੰਪਨੀ ਦੇ ਅਧਿਕਾਰੀਆਂ ਖ਼ਿਲਾਫ਼ ਨਾਆਰੇਬਾਜ਼ੀ ਕੀਤੀ। ਇਸ ਮੌਕੇ ਆਗੂ ਜਸਪ੍ਰੀਤ ਸਿੰਘ ਤੇ ਹੋਰਨਾਂ ਨੇ ਸੁਖਦੀਪ ਤੁੰਗਵਾਲੀ ਨੇ ਕਿਹਾ ਕਿ ਇੱਕ ਪਾਸੇ ਅਧਿਕਾਰੀ ਮੁਲਾਜ਼ਮਾਂ ਨੂੰ ਮੀਟਿੰਗ ਕਰਨ ਦਾ ਸਮਾਂ ਤੈਅ ਕਰ ਰਹੇ ਹਨ ਅਤੇ ਦੂਜੇ ਪਾਸੇ ਮੁਲਾਜ਼ਮਾਂ ਦੇ ਘਰਾਂ ਵਿੱਚ ਬਰਖਾਸਤੀ ਪੱਤਰ ਭੇਜ ਰਹੇ ਹਨ। ਇਸ ਸਬੰਧੀ ਫਲਿੱਪਕਾਰਟ ਕੰਪਨੀ ਦੇ ਚੰਡੀਗੜ੍ਹ ਤੋਂ ਮੁੱਖ ਬੁਲਾਰੇ ਨੇ ਕਿਹਾ ਕਿ ਕੰਪਨੀ ਨੇ ਦੋ ਸਾਲ ਪਹਿਲਾਂ ਵਾਲਮਾਰਟ ਕੰਪਨੀ ਤੋਂ ਭਾਰਤ ਦੇ ਸਾਰੇ ਸਟੋਰ ਖਰੀਦ ਲਏ ਸਨ। ਕੰਪਨੀ ਨੇ ਵਪਾਰਕ ਫੇਰਬਦਲ ਕਾਰਨ ਬੈਸਟ ਪ੍ਰਾਈਜ਼ ਮਾਲ ਭੁੱਚੋ ਖੁਰਦ ਨੂੰ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੰਪਨੀ ਨੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਹਟਾਇਆ ਨਹੀਂ ਹੈ। ਉਨ੍ਹਾਂ ਨੂੰ ਪੰਜਾਬ ਦੇ ਹੋਰਨਾਂ ਸਟੋਰਾਂ ਵਿੱਚ ਕੰਮ ਕਰਨ ਦਾ ਵਿਕਲਪ ਰੱਖਿਆ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨਾਲ 19 ਜੁਲਾਈ ਨੂੰ ਮੀਟਿੰਗ ਕਰਨ ਲਈ ਬੰਗਲੌਰ ਤੋਂ ਅਧਿਕਾਰੀ ਬਠਿੰਡਾ ਪਹੁੰਚ ਗਏ ਹਨ, ਜੋ ਕੱਲ ਨੂੰ ਮੁਲਾਜ਼ਮਾਂ ਨਾਲ ਮੀਟਿੰਗ ਕਰਨਗੇ।