ਪੱਤਰ ਪ੍ਰੇਰਕ
ਭੁੱਚੋ ਮੰਡੀ, 4 ਸਤੰਬਰ
ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਦੇ ਨੌਕਰੀ ਤੋਂ ਫਾਰਗ ਕੀਤੇ ਮੁਲਾਜ਼ਮ ਅੱਜ ਦੂਜੇ ਦਿਨ ਵੀ ਜਲਘਰ ਦੀ ਟੈਂਕੀ ’ਤੇ ਡਟੇ ਰਹੇ। ਪ੍ਰਦਰਸ਼ਨਕਾਰੀ ਹਰਜਿੰਦਰ ਭੋਲਾ, ਸੰਦੀਪ ਸਿੰਘ, ਹਰਮਨ ਸਿੰਘ, ਸੁਖਦੀਪ ਸਿੰਘ ਤੇ ਮੁਸ਼ਤਾਕ ਖਾਨ ਨੇ ਟੈਂਕੀ ’ਤੇ ਹੀ ਰਾਤ ਕੱਟੀ। ਉਨ੍ਹਾਂ ਕਿਹਾ ਕਿ ਕੰਪਨੀ ਦੇ ਅਧਿਕਾਰੀਆਂ ਵੱਲੋਂ ਕੀਤਾ ਲਿਖਤੀ ਸਮਝੌਤਾ ਲਾਗੂ ਹੋਣ ਤੱਕ ਉਹ ਟੈਂਕੀ ’ਤੇ ਹੀ ਰਾਤਾਂ ਗੁਜ਼ਾਰਨਗੇ। ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਰੇ ਲੱਪੇ ਵਾਲੀ ਨੀਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਬਾਕੀ ਦੇ ਮੁਲਾਜ਼ਮ ਟੈਂਕੀ ਹੇਠ ਕਿਰਤੀ ਕਿਸਾਨ ਯੂਨੀਅਨ (ਮਹਿਲਾ ਵਿੰਗ) ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅਣਮਿੱਥੇ ਸਮੇਂ ਲਈ ਚਲਾਏ ਜਾ ਰਹੇ ਇਸ ਪ੍ਰਰਦਰਸ਼ਨ ਲਈ ਮੁਲਾਜ਼ਮਾਂ ਨੇ ਪ੍ਰਬੰਧ ਕੀਤਾ ਹੋਇਆ ਹੈ। ਪ੍ਰਦਰਸ਼ਨ ਵਾਲੀ ਥਾਂ ’ਤੇ ਪੁੱਜੇ ਬਠਿੰਡਾ ਰੇਂਜ ਦੇ ਡੀਐੱਸਪੀ ਗੁਰਪ੍ਰੀਤ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ 6 ਸਤੰਬਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਤੇ ਸੰਘਰਸ਼ ਖ਼ਤਮ ਕਰਨ ਦੀ ਪੇਸ਼ਕਸ਼ ਕੀਤੀ। ਹੁਣ ਨੌਕਰੀਆਂ ਦੀ ਬਹਾਲੀ ਸਬੰਧੀ ਠੋਸ ਫੈਸਲਾ ਹੋਣ ਤੋਂ ਬਾਅਦ ਹੀ ਉਹ ਟੈਂਕੀਂ ਤੋਂ ਉਤਰਨਗੇ। ਇਸ ਮੌਕੇ ਬੈਸਟ ਪ੍ਰਾਈਸ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ, ਸਟੈਫੀ ਕੌਰ, ਮਮਤਾ ਰਾਣੀ, ਮਨਪ੍ਰੀਤ ਕੌਰ, ਲੱਖਾ ਨਥਾਣਾ ਨੇ ਕਿਹਾ ਕਿ ਵਾਲਮਾਰਟ ਕੰਪਨੀ ਨੇ 13 ਜੁਲਾਈ ਨੂੰ 92 ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਉਸ ਦਿਨ ਤੋਂ ਹੀ ਮੁਲਾਜ਼ਮ ਨੌਕਰੀ ਬਹਾਲੀ ਲਈ ਸੰਘਰਸ਼ ਕਰ ਰਹੇ ਹਨ। ਪਰ ਪ੍ਰਸ਼ਾਸਨ ਮੀਟਿੰਗਾਂ ਦੇ ਭਰੋਸਾ ਦੇ ਕੇ ਸੰਘਰਸ਼ ਤਾਂ ਖ਼ਤਮ ਕਰਵਾਉਂਦੇ ਆ ਰਹੇ ਹਨ, ਪਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ।