ਜੋਗਿੰਦਰ ਸਿੰਘ ਮਾਨ
ਮਾਨਸਾ, 10 ਜੁਲਾਈ
ਬਲਾਕ ਮਾਨਸਾ ਦਾ ਪਿੰਡ ਮਾਨਬੀਬੜੀਆਂ ਕੂੜੇ ਦੀ ਸਾਂਭ-ਸੰਭਾਲ ਵਿੱਚ ਮਾਨਸਾ ਜ਼ਿਲ੍ਹੇ ਦਾ ਮੋਹਰੀ ਪਿੰਡ ਬਣ ਗਿਆ ਹੈ। ਮਾਨਬੀਬੜੀਆਂ ਦੀ ਗ੍ਰਾਮ ਪੰਚਾਇਤ ਨੇ ਮਗਨਰੇਗਾ ਸਕੀਮ ਅਧੀਨ ਪਿੰਡ ਦੇ ਕੂੜੇ ਦੀ ਸਹੀ ਸਾਂਭ-ਸੰਭਾਲ ਲਈ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਤਿਆਰ ਕੀਤਾ ਹੈ, ਜਿਸ ਦਾ ਉਦਘਾਟਨ ਅੱਜ ਹਲਕਾ ਵਿਧਾਇਕ ਮਾਨਸਾ ਨਾਜਰ ਸਿੰਘ ਮਾਨਸ਼ਾਹੀਆ ਨੇ ਕੀਤਾ। ਵਿਧਾਇਕ ਸ੍ਰੀ ਮਾਨਸ਼ਾਹੀਆ ਨੇ ਪਿੰਡ ਵਾਸੀਆਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣ ਲਈ ਪ੍ਰੇਰਦੇ ਹੋਏ ਹਰ ਘਰ ਨੂੰ ਦੋ ਕੁੜੇਦਾਨਾਂ ਦੀ ਵੰਡ ਕੀਤੀ। ਉਨ੍ਹਾਂ ਦੱਸਿਆ ਕਿ ਮਗਨਰੇਗਾ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਅਧਿਕਾਰੀਆਂ ਦੀ ਮਿਹਨਤ ਸਦਕਾ ਪਿੰਡ ਮਾਨਬੀਬੜੀਆਂ ਨੂੰ ਇਹ ਪ੍ਰੋਜੈਕਟ ਸ਼ੁਰੂ ਕਰਨ ਵਾਲਾ ਜ਼ਿਲ੍ਹੇ ਦਾ ਪਹਿਲਾ ਪਿੰਡ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ ਅਤੇ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲਾਗੂ ਕੀਤਾ ਜਾਵੇਗਾ। ਮਗਨਰੇਗਾ ਅਤੇ ਫਾਊਂਡੇਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਅਕਤੀ ਪਿੰਡ ਵਿੱਚ ਘਰੋਂ-ਘਰੀਂ ਜਾ ਕੇ ਕੂੜੇ ਨੂੰ ਇਕੱਠਾ ਕਰੇਗਾ, ਜਿਸ ਸਾਲਿਡ ਵੇਸਟ ਸ਼ੈੱਡ ਵਿੱਚ ਖਾਦ ਤਿਆਰ ਕੀਤੀ ਜਾਵੇਗੀ। ਇਸ ਮੌਕੇ ਵਨੀਤ ਕੁਮਾਰ, ਹਰਿੰਦਰ ਕੁਮਾਰ, ਰਜਨੀਸ਼ ਕੁਮਾਰ, ਤਵਪ੍ਰੀਤ ਸਿੰਘ, ਭਰਪੂਰ ਸਿੰਘ ਅਤੇ ਨਿਤੇਸ਼ ਗੁਪਤਾ ਹਾਜ਼ਰ ਸਨ।