ਸੁੰਦਰ ਨਾਥ ਆਰੀਆ
ਅਬੋਹਰ, 8 ਅਕਤੂਬਰ
ਇਥੋਂ ਦੀ ਸੁੰਦਰ ਨਗਰੀ ਗਲੀ ਨੰਬਰ 5 ਦੇ ਲੋਕ ਪਿਛਲੇ ਛੇ ਮਹੀਨਿਆਂ ਤੋਂ ਵਾਟਰ ਵਕਰਸ ਪਾਣੀ ਸਪਲਾਈ ਨਾ ਆਉਣ ਕਾਰਨ ਪ੍ਰੇਸ਼ਾਨ ਹਨ। ਪਾਣੀ ਦੀ ਸਪਲਾਈ ਨਾ ਆਉਣ ਕਾਰਨ ਲੋਕ ਸ਼ੋਰੇ ਵਾਲਾ ਜ਼ਮੀਨੀ ਪਾਣੀ ਪੀਣ ਨੂੰ ਮਜਬੂਰ ਹਨ ਜੋ ਪੀਣ ਤਾਂ ਕੀ ਹੋਰ ਕੰਮਾਂ ਵਿੱਚ ਵੀ ਵਰਤੋਂ ਯੋਗ ਨਹੀ. ਹੈ। ਜਾਣਕਾਰੀ ਮੁਤਾਬਕ ਸੁੰਦਰ ਨਗਰੀ ਗਲੀ ਨੰਬਰ 5 ਵਾਸੀ ਪਵਨ ਛਾਬੜਾ, ਵਿਵੇਕ ਛਾਬੜਾ, ਸੁਭਾਸ਼ ਸ਼ਰਮਾ, ਚਿਮਨ ਲਾਲ ਅਤੇ ਨਰੇਸ਼ ਕੁਮਾਰ ਨੇ ਦੱਸਿਆ ਕਿ ਉਂਜ ਤਾਂ ਵਾਟਰ ਵਕਰਸ ਦਾ ਪਾਣੀ ਅਬੋਹਰ ਵਿੱਚ ਪੀਣ ਲਾਇਕ ਨਹੀਂ ਹੈ। ਇਹ ਪਾਣੀ ਲੋਕ ਕੱਪੜੇ, ਬਰਤਨ ਧੋਣ ਜਾਂ ਹੋਰ ਕੰਮਾਂ ਵਿੱਚ ਵਰਤਦੇ ਹਨ। ਉਨ੍ਹਾਂ ਦੀ ਗਲੀ ਵਿੱਚ ਪਿਛਲੇ 6 ਮਹੀਨਿਆਂ ਤੋਂ ਵਾਟਰ ਵਕਰਸ ਦੇ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਉਹ ਸ਼ੋਰੇ ਵਾਲਾ ਜਮੀਨੀ ਪਾਣੀ ਵਰਤਣ ਨੂੰ ਮਜਬੂਰ ਹਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧ ਵਿੱਚ ਉਨ੍ਹਾਂ ਕਈ ਵਾਰ ਕੌਂਸਲਰ ਅਤੇ ਵਾਟਰ ਐਂਡ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ ਪਰ ਇਸ ਸਮੱਸਿਆ ਦਾ ਹੱਲ ਅਜੇ ਤੱਕ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਆਲੇ-ਦੁਆਲੇ ਦੀਆਂ ਗਲੀਆਂ ਵਿੱਚ ਪਾਣੀ ਦੀ ਸਪਲਾਈ ਆਉਂਦੀ ਹੈ। ਜੇਕਰ ਵਿਭਾਗ ਇਸਨੂੰ ਗੰਭੀਰਤਾ ਨਾਲ ਲਵੇ ਤਾਂ ਸਮੱਸਿਆ ਦਾ ਹੱਲ 1-2 ਦੋ ਦਿਨਾਂ ਵਿਚ ਹੋ ਸਕਦਾ ਹੈ।